ਸਾਂ ਫਰਾਂਸਿਸਕੋ, 9 ਅਕਤੂਬਰ
ਕੈਲੀਫੋਰਨੀਆ ਵਿੱਚ ਭਾਰਤ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਨ ਮਗਰੋਂ ਹੱਤਿਆ ਕਰਨ ਵਾਲਾ ਮੁਲਜ਼ਮ ਜੀਸਸ ਮੈਨੂਏਲ ਸੈਲਗਾਡੋ 17 ਸਾਲ ਪਹਿਲਾਂ ਵੀ ਜੇਲ੍ਹ ਗਿਆ ਸੀ ਜਦੋਂ ਉਸ ਨੇ ਨੌਕਰੀ ਦੇਣ ਵਾਲੇ ਪਰਿਵਾਰ ਨੂੰ ਹੀ ਪਿਸਤੌਲ ਦਿਖਾ ਕੇ ਬੰਦੀ ਬਣਾ ਲਿਆ ਸੀ ਤੇ ਪਰਿਵਾਰ ਨੂੰ ਧਮਕਾਇਆ ਸੀ ਤੇ ਲੁੱਟਿਆ ਸੀ।
ਕੈਲੀਫੋਰਨੀਆ ਦੇ ਕਰੈਕਸ਼ਨ ਤੇ ਮੁੜ ਵਸੇਬਾ ਵਿਭਾਗ ਅਨੁਸਾਰ ਸੈਲਗਾਡੋ ਨੂੰ 2007 ਵਿੱਚ 11 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਸੀ ਤੇ ਉਸ ਨੂੰ 2015 ਵਿੱਚ ਰਿਹਾਅ ਕੀਤਾ ਗਿਆ ਸੀ। ਉਸ ਨੂੰ ਤਿੰਨ ਸਾਲਾਂ ਦੀ ਪੈਰੋਲ ਵੀ ਮਿਲੀ ਸੀ। ਸਾਲਗਾਡੋ ’ਤੇ ਇਕ ਪਾਬੰਦੀਸ਼ੁਦਾ ਪਦਾਰਥ ਰੱਖਣ ਦਾ ਵੀ ਦੋਸ਼ ਲੱਗਿਆ ਸੀ। ਮੌਜੂਦਾ ਕੇਸ ਵਿੱਚ ਸੈਲਗਾਡੋ ਨੂੰ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ, 8 ਮਹੀਨਿਆਂ ਦੀ ਅਰੂਹੀ, ਉਸ ਦੀ 27 ਵਰ੍ਹਿਆਂ ਦੀ ਮਾਂ ਜਸਲੀਨ ਕੌਰ, ਉਸ ਦਾ 36 ਵਰ੍ਹਿਆਂ ਦੇ ਪਿਤਾ ਜਸਦੀਪ ਸਿੰਘ ਤੇ ਉਸ ਦੇ 39 ਵਰ੍ਹਿਆਂ ਦੇ ਚਾਚੇ ਅਮਨਦੀਪ ਸਿੰਘ ਦੀ ਹੱਤਿਆ ਦੇ ਸ਼ੱਕ ਹੇਠ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋ ਦਹਾਕੇ ਪਹਿਲਾਂ ਸੈਲਗਾਡੋ ਇਕ ਅਜਿਹੇ ਪਰਿਵਾਰ ਦੀ ਨੌਕਰੀ ਕਰਦਾ ਸੀ ਜਿਸ ਦੀ ਆਪਣੀ ਟਰੱਕ ਕੰਪਨੀ ਸੀ। ਉਸ ਨੂੰ 2004 ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਨੇ ਰਕਮ ਚੋਰੀ ਕੀਤੀ ਸੀ। ਪਰਿਵਾਰ ਨੇ ਇਹ ਜਾਣਕਾਰੀ ਅਖਬਾਰ ਲਾਸ ਏਂਜਲਸ ਟਾਈਮਜ਼ ਨੂੰ ਦਿੱਤੀ ਸੀ। ਇਸ ਪਰਿਵਾਰ ਦੀ ਮੈਂਬਰ ਕੈਥੀ ਅਤੇ ਉਸ ਦੀ ਧੀ ਕੈਟਰੀਨਾ ਨੇ ਦੱਸਿਆ ਕਿ ਨੌਕਰੀ ਤੋਂ ਕੱਢੇ ਜਾਣ ਬਾਅਦ 19 ਦਸੰਬਰ 2005 ਨੂੰ ਸੈਲਗਾਡੋ ਨੇ ਪਿਸਤੌਲ ਦਿਖਾ ਕੇ ਪਰਿਵਾਰ ਨੂੰ ਬੰਦੀ ਬਣਾ ਲਿਆ ਸੀ।
ਉਸ ਸਮੇਂ ਕੈਟਰੀਨਾ 16 ਵਰ੍ਹਿਆਂ ਦੀ ਸੀ ਅਤੇ ਸੈਲਗਾਡੋ ਨੇ ਪਰਿਵਾਰ ਨੂੰ ਮਿਲਣ ਆਈ ਕੈਟਰੀਨਾ ਦੀ ਮਿੱਤਰ ਨੂੰ ਵੀ ਬੰਦੀ ਬਣਾਇਆ ਸੀ। ਇਸ ਮਗਰੋਂ ਸੈਲਗਾਡੋ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਇਕ ਗਰਾਜ ਵਿੱਚ ਲੈ ਗਿਆ ਸੀ ਜਿਥੇ ਪਰਿਵਾਰ ਨੇ ਨਕਦੀ ਤੇ ਗਹਿਣੇ ਰੱਖੇ ਹੋਏ ਸਨ।
ਇਸ ਲੁੱਟ ਮਗਰੋਂ ਸੈਲਗਾਡੋ ਇਸ ਪਰਿਵਾਰ ਨੂੰ ਘਰ ਦੇ ਪਿਛਲੇ ਪਾਸੇ ਸਥਿਤ ਤਲਾਅ (ਪੂਲ) ’ਤੇ ਲੈ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਤਲਾਅ ਵਿੱਚ ਛਾਲ ਮਾਰਨ ਲਈ ਮਜਬੂਰ ਕੀਤਾ। ਇਸ ਮਗਰੋਂ ਸੈਲਗਾਡੋ ਫ਼ਰਾਰ ਹੋ ਗਿਆ। ਪਰਿਵਾਰ ਵੱਲੋਂ ਪੁਲੀਸ ਨੂੰ ਘਟਨਾ ਬਾਰੇ ਸੂਚਿਤ ਕਰਨ ’ਤੇ ਸੈਲਗਾਡੋ ਨੂੰ ਕੁਝ ਦਿਨਾਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ