ਓਰੇਂਜ (ਕੈਲੀਫੋਰਨੀਆ), 1 ਅਪਰੈਲ
ਦੱਖਣੀ ਕੈਲੀਫੋਰਨੀਆ ਵਿੱਚ ਇਕ ਦਫ਼ਤਰ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ ’ਚ ਇਕ ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਇਕ ਸ਼ੱਕੀ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਪੁਲੀਸ ਦੀ ਲੈਫ਼ਟੀਨੈਂਟ ਜੈਨੀਫਰ ਅਮਾਟ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਓਰੇਂਜ ਵਿੱਚ ਸਥਿਤ ਲਿੰਕਨ ਐਵੇਨਿਊ ਦੀ ਦੋ ਮੰਜ਼ਿਲਾ ਇਮਾਰਤ ਵਿੱਚ ਇਹ ਘਟਨਾ ਸ਼ਾਮ 5.30 ਵਜੇ ਵਾਪਰੀ। ਅਮਾਟ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਸ਼ੱਕੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਫਿਲਹਾਲ ਉਸ ਨੂੰ ਉਸ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਹੈ। ਉਸ ਨੇ ਦੱਸਿਆ ਕਿ ਗੋਲੀਬਾਰੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਹੋਈ। ਮੀਡੀਆ ਦੀਆਂ ਖ਼ਬਰਾਂ ਅਨੁਸਾਰ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਵੱਖ-ਵੱਖ ਥਾਵਾਂ ’ਤੇ ਲਾਸ਼ਾਂ ਪਈਆਂ ਦੇਖੀਆਂ ਗਈਆਂ। ਅਮਾਟ ਨੇ ਹਮਲੇ ਪਿਛਲੇ ਕਾਰਨਾਂ ਤੋਂ ਅਣਜਾਣਤਾ ਪ੍ਰਗਟਾਈ। ਸ਼ਾਮ 7 ਵਜੇ ਤੱਕ ਹਾਲਾਤ ਸਥਿਰ ਹੋ ਚੁੱਕੇ ਸਨ। ਕੈਲੀਫੋਰਨੀਆ ਦੇ ਰਾਜਪਾਲ ਗੈਵਨ ਨਿਊਸਮ ਨੇ ਘਟਨਾ ਨੂੰ ਡਰਾਵਣੀ ਅਤੇ ਦਿਲ ਤੋੜਨ ਵਾਲੀ ਕਰਾਰ ਦਿੱਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਜ਼ਾਹਿਰ ਕੀਤਾ। -ਏਪੀ