ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 9 ਨਵੰਬਰ
Canada News: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਦੀ ਰਾਜਧਾਨੀ ਓਟਵਾ ਸਥਿਤ ਪਾਰਲੀਮੈਂਟ ਹਿੱਲ ਵਿਖੇ ਦੀਵਾਲੀ ਦੇ ਜਸ਼ਨ ਸਮਾਗਮ ਦੌਰਾਨ ਦਿੱਤੇ ਇਕ ਬਿਆਨ ਵਿੱਚ ਕਿਹਾ ਕਿ ‘ਕੈਨੇਡਾ ਵਿੱਚ ਖਾਲਿਸਤਾਨ ਦੇ ਸਮਰਥਕ’ ਹਨ, ਪਰ ਉਹ ਸਮੁੱਚੇ ਤੌਰ ’ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ।
ਕੈਨੇਡਾ ਦੇ ਅੰਦਰ ਖਾਲਿਸਤਾਨੀ-ਸਮਰਥਨ ਆਧਾਰ ਦੀ ਮੌਜੂਦਗੀ ਨੂੰ ਸਵੀਕਾਰ ਕਰਨ ਦੀ ਟਰੂਡੋ ਦੀ ਇਹ ਪਹਿਲੀ ਟਿੱਪਣੀ ਸੀ। ਹਾਲਾਂਕਿ, ਉਨ੍ਹਾਂ ਨਾਲ ਹੀ ਇਹ ਕਿਹਾ ਕਿ ‘‘ਉਹ ਸਮੁੱਚੇ ਤੌਰ ‘ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ।’’
Celebrating Diwali and Bandi Chhor Divas reminds us of our strength and unity. “Those inciting violence and hatred do not represent the Sikh or Hindu communities in Canada,” said PM Justin Trudeau. Let’s stand together against hate and support an inclusive Canada. pic.twitter.com/ecMHEqkf0n
— Sonia Sidhu (@SoniaLiberal) November 6, 2024
ਜ਼ਿਕਰਯੋਗ ਹੈ ਕਿ ਕਥਿਤ ਖਾਲਿਸਤਾਨੀ ਵੱਖਵਾਦੀਆਂ ਨੇ ਬਰੈਂਪਟਨ ਵਿੱਚ ਇੱਕ ਮੰਦਰ ਦੇ ਅਹਾਤੇ ਦੇ ਅੰਦਰ ਹਿੰਦੂ-ਕੈਨੇਡੀਅਨ ਸ਼ਰਧਾਲੂਆਂ ‘ਤੇ ਹਮਲਾ ਕੀਤਾ ਸੀ। ਇਸ ਘਟਨਾ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੰਦਾ ਕੀਤੀ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਹਰੇਕ ਕੈਨੇਡੀਅਨ ਨੂੰ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਵਿਸ਼ਵਾਸ ਦਾ ਪਾਲਣ ਕਰਨ ਦਾ ਅਧਿਕਾਰ ਹੈ। ਟਰੂਡੋ ਨੇ ਭਾਈਚਾਰੇ ਦੀ ਸੁਰੱਖਿਆ ਅਤੇ ਇਸ ਘਟਨਾ ਦੀ ਜਾਂਚ ਲਈ ਤੁਰੰਤ ਕਾਰਵਾਈ ਕਰਨ ਲਈ ਸਥਾਨਕ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਸੀ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਗੰਭੀਰ ਤਣਾਅ ਵਿੱਚ ਆ ਗਏ ਸਨ। ਨਵੀਂ ਦਿੱਲੀ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕੇ ਦੱਸਦਿਆਂ ਰੱਦ ਕਰ ਦਿੱਤਾ ਸੀ।