ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 8 ਜੂਨ
ਕੈਨੇਡਾ ਦੇ ਆਵਾਸ ਵਿਭਾਗ ਨੇ ਸੁਪਰ ਵੀਜ਼ਾ ਸ਼ਰਤਾਂ ਵਿਚ ਵੱਡੇ ਬਦਲਾਅ ਕਰਦਿਆਂ ਇਸ ਦੀ ਮਿਆਦ ਦੋ ਸਾਲ ਤੋਂ ਵਧਾ ਕੇ ਪੰਜ ਸਾਲ ਕਰ ਦਿੱਤੀ ਹੈ। ਸਰਕਾਰ ਨੇ ਸੁਪਰ ਵੀਜ਼ਾ ਇੱਛੁਕਾਂ ਨੂੰ ਕੈਨੇਡੀਅਨ ਬੀਮਾ ਕੰਪਨੀਆਂ ਤੋਂ ਹੀ ਮੈਡੀਕਲ ਬੀਮਾ ਕਰਾਉਣ ਦੀ ਸ਼ਰਤ ਖਤਮ ਕਰਕੇ ਪ੍ਰਵਾਨਿਤ ਵਿਦੇਸ਼ੀ ਬੀਮਾ ਕੰਪਨੀਆਂ ਦੀ ਪਾਲਿਸੀ ਨੂੰ ਮਾਨਤਾ ਦੇ ਦਿੱਤੀ ਹੈ। ਨਵੇਂ ਹੁਕਮ 4 ਜੁਲਾਈ ਤੋਂ ਲਾਗੂ ਹੋਣਗੇ। ਇਨ੍ਹਾਂ ਤਬਦੀਲੀਆਂ ਦਾ ਲਾਭ ਭਾਰਤੀਆਂ ਨੂੰ ਹੋਵੇਗਾ। ਆਵਾਸ ਮੰਤਰੀ ਸੀਨ ਫ਼ਰੇਜ਼ਰ ਨੇ ਇਸ ਬਦਲਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਕੈਨੇਡਾ ਵਸਦੇ ਲੋਕਾਂ ਦੇ ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਾਲਾਂ ਬੱਧੀ ਇਕੱਠਿਆਂ ਰਹਿਣ ਵਿਚ ਦਿੱਕਤ ਨਹੀਂ ਆਏਗੀ। ਉਨ੍ਹਾਂ ਦੱਸਿਆ ਕਿ 10 ਕੁ ਸਾਲ ਪਹਿਲਾਂ ਸ਼ੁਰੂ ਹੋਏ ਸੁਪਰ ਵੀਜ਼ੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਿਛਲੇ ਸਾਲ 17 ਹਜ਼ਾਰ ਤੋਂ ਵਧ ਸੁਪਰ ਵੀਜ਼ੇ ਜਾਰੀ ਕੀਤੇ ਗਏ ਸਨ। ਮੰਤਰੀ ਨੇ ਦੱਸਿਆ ਕਿ ਸੁਪਰ ਵੀਜ਼ਾ, ਬਹੁ-ਦਾਖਲਾ ਆਮ ਯਾਤਰੀ ਵੀਜ਼ੇ ਤੋਂ ਕਿਤੇ ਬਿਹਤਰ ਹੈ ਕਿਉਂਕਿ ਯਾਤਰੀ ਵੀਜ਼ੇ ਵਾਲੇ ਨੂੰ ਛੇ ਮਹੀਨੇ ਤੋ ਪਹਿਲਾਂ ਵਾਪਸ ਜਾਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਹੁਣ ਦੋ ਸਾਲ ਦੇ ਸੁਪਰ ਵੀਜ਼ੇ ਉਤੇ ਕੈਨੇਡਾ ਵਿਚ ਹਨ, ਉਹ ਇਥੋਂ ਹੀ ਦੋ ਸਾਲ ਵਾਧੇ ਦੀ ਬੇਨਤੀ ਕਰਕੇ ਚਾਰ ਸਾਲ ਕੈਨੇਡਾ ’ਚ ਟਿਕੇ ਰਹਿ ਸਕਣਗੇ ਪਰ ਉਨ੍ਹਾਂ ਦੇ ਸਪੌਂਸਰਾਂ ਨੂੰ ਘੱਟੋ ਘੱਟ ਆਮਦਨ ਦੀ ਸ਼ਰਤ ਪੂਰੀ ਕਰਨੀ ਪਵੇਗੀ। ਆਵਾਸ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪਰਵਾਰਕ ਵਿਛੋੜੇ ਦੂਰ ਕਰਨ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।