ਟੋਰਾਂਟੋ, 29 ਜੂਨ
ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਵਿੱਚ ‘ਲਿੰਗ ਮਸਲੇ’ ਉੱਤੇ ਚੱਲ ਰਹੀ ਕਲਾਸ ਦੌਰਾਨ ਚਾਕੂ ਨਾਲ ਕੀਤੇ ਹਮਲੇ ਵਿੱਚ ਪ੍ਰੋਫੈਸਰ ਤੇ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਨੇ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲੀਸ ਮੁਤਾਬਕ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਉਂਜ ਯੂਨੀਵਰਸਿਟੀ ਆਫ਼ ਵਾਟਰਲੂ ਵਿੱਚ ਹੋਏ ਹਮਲੇ ਦੇ ਕਾਰਨਾਂ ਸਬੰਧੀ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਤਫ਼ਤੀਸ਼ਕਾਰਾਂ ਵੱਲੋਂ ਸ਼ੱਕੀ ਹਮਲਾਵਰ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਨਿੱਕ ਮੈਨਿੰਗ ਨੇ ਸ਼ੱਕੀ ਦੀ ਪਛਾਣ ‘ਯੂਨੀਵਰਸਿਟੀ ਕਮਿਊਨਿਟੀ’ ਦੇ ਮੈਂਬਰ ਵਜੋਂ ਕੀਤੀ ਹੈ, ਪਰ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਹਮਲਾਵਰ ਇਕ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਦੋ ਵਿਦਿਆਰਥੀਆਂ ਤੇ ਇਕ ਪ੍ਰੋਫੈਸਰ ‘ਤੇ ਚਾਕੂ ਨਾਲ ਵਾਰ ਕੀਤੇ ਗਏ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਯੂਸੁਫ ਕੇਮਾਕ ਨੇ ਦੱਸਿਆ ਕਿ ਹਮਲੇ ਮੌਕੇ ਜਮਾਤ ਵਿੱਚ 40 ਦੇ ਕਰੀਬ ਵਿਦਿਆਰਥੀ ਮੌਜੂਦ ਸਨ। -ਏਪੀ