ਓਟਵਾ, 2 ਨਵੰਬਰ
Canada names India as ‘adversary’ in cyber threat report; New Delhi trashes claim: ਭਾਰਤ ਤੇ ਕੈਨੇਡਾ ਦਰਮਿਆਨ ਚਲ ਰਹੇ ਵਿਵਾਦ ਦੇ ਦਰਮਿਆਨ ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਸਾਈਬਰ ਧਮਕੀ ਵਿਰੋਧੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਕੈਨੇਡਾ ਨੇ ਨਾਲ ਹੀ ਸੁਝਾਅ ਵੀ ਦਿੱਤਾ ਹੈ ਕਿ ਭਾਰਤ ਦੀ ਪੁਸ਼ਤਪਨਾਹੀ ਵਾਲੇ ਸਮਾਗਮਾਂ ਵਿਚ ਕੈਨੇਡਾ ਖ਼ਿਲਾਫ਼ ਜਾਸੂਸੀ ਕੀਤੀ ਜਾ ਰਹੀ ਹੈ। ਨੈਸ਼ਨਲ ਸਾਈਬਰ ਥਰੈੱਟ ਅਸੈਸਮੈਂਟ 2025-2026 (ਐੱਨਸੀਟੀਏ 2025-2026) ਰਿਪੋਰਟ ਵਿੱਚ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਦਾ ਨਾਮ ਪੰਜਵੇਂ ਨੰਬਰ ’ਤੇ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਪੁਸ਼ਤਪਨਾਹੀ ਨਾਲ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਸੰਭਵ ਤੌਰ ’ਤੇ ਕੈਨੇਡਾ ਸਰਕਾਰ ਦੀ ਜਾਸੂਸੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਦੇਸ਼ ਖ਼ਿਲਾਫ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਐੱਨਸੀਟੀਏ 2025-2026 ਰਿਪੋਰਟ ਕੈਨੇਡਾ ਵਿੱਚ ਸਾਈਬਰ ਖਤਰਿਆਂ ਦਾ ਮੁਲਾਂਕਣ ਕਰਦੀ ਹੈ ਤੇ ਇਸ ਰਿਪੋਰਟ ਨੂੰ 30 ਅਕਤੂਬਰ ਨੂੰ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਕਿਓਰਿਟੀ (ਸਾਈਬਰ ਸੈਂਟਰ) ਵੱਲੋਂ ਜਾਰੀ ਕੀਤਾ ਗਿਆ ਸੀ। ਇਹ ਮੁਲਾਂਕਣ ਰਿਪੋਰਟ ਹਰ ਦੋ ਸਾਲ ਬਾਅਦ ਜਾਰੀ ਕੀਤੀ ਜਾਂਦੀ ਹੈ।