ਟੋਰਾਂਟੋ, 21 ਅਕਤੂਬਰ
ਭਾਰਤੀ ਮੂਲ ਦੇ ਕੈਨੇਡਿਆਈ ਸਿੱਖ ’ਤੇ ਮੌਂਟਰੀਅਲ ’ਚ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਦੇ ਦੋ ਦੋਸ਼ ਲਾਏ ਗਏ ਹਨ। ਇੱਕ ਮੀਡੀਆ ਰਿਪੋਰਟ ਅਨੁਸਾਰ ਕਮਲਜੀਤ ਅਰੋੜਾ (45) ’ਤੇ 17 ਅਕਤੂਬਰ ਨੂੰ ਆਪਣੇ ਘਰ ’ਚ ਕ੍ਰਮਵਾਰ 11 ਤੇ 13 ਸਾਲ ਦੇ ਆਪਣੇ ਪੁੱਤਰ ਤੇ ਧੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਸੀਟੀਵੀ ਦੀ ਖ਼ਬਰ ਅਨੁਸਾਰ ਉਸ ’ਤੇ ਇਹ ਦੋਸ਼ ਲੰਘੇ ਮੰਗਲਵਾਰ ਲਾਏ ਗਏ ਹਨ। ਅਰੋੜਾ ’ਤੇ ਘਰੇਲੂ ਹਿੰਸਾ ਦਾ ਵੀ ਕੇਸ ਸੀ ਜਿਸ ’ਚ ਉਸ ’ਤੇ ਆਪਣੀ ਪਤਨੀ ਰਮਾ ਰਾਣੀ ਅਰੋੜਾ ਦਾ ਕਥਿਤ ਤੌਰ ’ਤੇ ਗਲਾ ਘੁੱਟ ਕੇ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ। ਗੁਆਂਢੀ ਐਨੀ ਚਾਰਪੈਂਟੀਅਰ ਅਨੁਸਾਰ ਅਰੋੜਾ ਦੀ ਸਭ ਤੋਂ ਵੱਡੀ ਧੀ ਨੇ ਸਭ ਤੋਂ ਪਹਿਲਾਂ ਅਧਿਕਾਰੀਆਂ ਨੂੰ ਇਸ ਭਿਆਨਕ ਘਟਨਾ ਬਾਰੇ ਸੂਚਨਾ ਦਿੱਤੀ। ਚਾਰਪੈਂਟੀਅਰ ਨੇ ਦੱਸਿਆ ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਵੱਡੀ ਲੜਕੀ ਹਫਦੀ ਹੋਈ ਉਨ੍ਹਾਂ ਦੇ ਘਰ ਆਈ ਤੇ ਫੋਨ ਮੰਗਣ ਲੱਗੀ। ਸੂਚਨਾ ਮਿਲਣ ’ਤੇ ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਲੜਕਾ ਤੇ ਲੜਕੀ ਗੰਭੀਰ ਹਾਲਤ ’ਚ ਮਿਲੇ। ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਖ਼ਬਰ ਅਨੁਸਾਰ ਪਿਤਾ ਨੂੰ ਵੀ ਪੁਲੀਸ ਨੇ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ। ਉਸ ਦੀ ਹਾਲਤ ਹੁਣ ਸਥਿਰ ਹੈ। ਮੰਗਲਵਾਰ ਨੂੰ ਉਸ ਦੀ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਜੱਜ ਅਨੁਸਾਰ ਉਹ ਅਦਾਲਤ ’ਚ ਪੇਸ਼ ਹੋਣ ਦੇ ਯੋਗ ਨਹੀਂ ਹੈ। ਦੂਜੇ ਪਾਸੇ ਲਾਵਲ ਦੇ ਮੇਅਰ ਸਟੀਫਨ ਬੌਇਰ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ