ਓਟਾਵਾ: ਟੀਕਾਕਰਨ ਬਾਰੇ ਕੈਨੇਡਾ ਦੀ ਕੌਮੀ ਸਲਾਹਕਾਰ ਕਮੇਟੀ ਨੇ ਐਲਾਨ ਕੀਤਾ ਹੈ ਕਿ ਜ਼ਿਆਦਾਤਰ ਕੇਸਾਂ ਵਿਚ ਕੋਵਿਡ ਵੈਕਸੀਨ ਦਾ ਮਿਸ਼ਰਣ ਕੀਤਾ ਜਾ ਸਕਦਾ ਹੈ। ਨਵੀਆਂ ਜਾਰੀ ਹਦਾਇਤਾਂ ਮੁਤਾਬਕ ਕੈਨੇਡਾ ਵਿਚ ਹੁਣ ਜਿਨ੍ਹਾਂ ਲੋਕਾਂ ਦੇ ਪਹਿਲਾਂ ਐਸਟਰਾਜ਼ੈਨੇਕਾ ਦੀ ਡੋਜ਼ ਲੱਗੀ ਹੈ ਉਹ ਦੂਜੀ ਡੋਜ਼ ਫਾਈਜ਼ਰ ਬਾਇਓਐੱਨਟੈੱਕ ਦੀ ਲਵਾ ਸਕਦੇ ਹਨ। ਇਸ ਤੋਂ ਇਲਾਵਾ ਮੌਡਰਨਾ ਵੀ ਲਵਾ ਸਕਦੇ ਹਨ। ਫਾਈਜ਼ਰ, ਮੌਡਰਨਾ, ਐਸਟਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੇ ਟੀਕਿਆਂ ਨੂੰ ਕੈਨੇਡਾ ਵਿਚ ਵਰਤੋਂ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਫਾਈਜ਼ਰ ਤੇ ਮੌਡਰਨਾ ਦੇ ਵੈਕਸੀਨ ਨੂੰ ਪਹਿਲੀ ਤੇ ਦੂਜੀ ਡੋਜ਼ ਲਈ ‘ਮਿਕਸ’ ਕਰ ਕੇ ਲਾਇਆ ਜਾ ਸਕਦਾ ਹੈ। ਹਾਲਾਂਕਿ ਜੇ ਪਹਿਲੀ ਡੋਜ਼ ਫਾਈਜ਼ਰ ਤੇ ਮੌਡਰਨਾ ਦੀ ਲੱਗੀ ਹੈ ਉਸ ਕੇਸ ਵਿਚ ਐਸਟਰਾਜ਼ੈਨੇਕਾ ਮਗਰੋਂ ਨਾ ਲਵਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਮਿਸ਼ਰਣ ਬਾਰੇ ਡੇਟਾ ਅਜੇ ਸੀਮਤ ਹੈ। ਕੁਝ ਖਾਸ ਸਥਿਤੀਆਂ ਜਿੱਥੇ ਮਿਸ਼ਰਣ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਹੋਵੇ, ਉੱਥੇ ਅਜਿਹਾ ਨਾ ਕਰਨ ਲਈ ਕਿਹਾ ਗਿਆ ਹੈ। ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਕਿਹਾ ਕਿ ਕਮੇਟੀ ਨਾਗਰਿਕਾਂ ਦਾ ਬਿਮਾਰੀ ਤੋਂ ਬਚਾਅ ਕਰਨ ਲਈ ਵੈਕਸੀਨ ਬਾਰੇ ਨਵੀਆਂ ਸਿਫਾਰਿਸ਼ਾਂ ਮੁਤਾਬਕ ਜਲਦੀ ਤੋਂ ਜਲਦੀ ਢਲਣਾ ਯਕੀਨੀ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਯੂਕੇ ਤੇ ਸਪੇਨ ’ਚ ਅਧਿਐਨ ਕੀਤਾ ਗਿਆ ਹੈ ਜਿਸ ਵਿਚ ਫਾਈਜ਼ਰ ਤੇ ਐਸਟਰਾਜ਼ੈਨੇਕਾ ਦਾ ਮਿਸ਼ਰਣ ਸੁਰੱਖਿਅਤ ਪਾਇਆ ਗਿਆ ਹੈ। -ਆਈਏਐਨਐੱਸ