ਗੁਰਚਰਨ ਸਿੰਘ ਕਾਹਲੋਂ
ਸਿਡਨੀ, 29 ਅਪਰੈਲ
ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਖਾਲਸਾ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ। ਸਮਾਗਮ ਦੌਰਾਨ ਗੁਰਬਾਣੀ ਕੰਠ, ਦਸਤਾਰ ਮੁਕਾਬਲੇ ਤੇ ਅੰਮ੍ਰਿਤ ਸੰਚਾਰ ਵੀ ਹੋਇਆ। ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਦੀ ਸੇਵਾ ਵੀ ਕੀਤੀ ਗਈ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਈ ਨਵੀ ਖ਼ਰੀਦੀ ਗਈ ਵੈਨ ਨੂੰ ਸੰਗਤ ਦੀ ਹਾਜ਼ਰੀ ਵਿੱਚ ਕੇਸਰੀ ਝੰਡੇ ਨਾਲ ਰਵਾਨਗੀ ਦਿੱਤੀ ਗਈ। ਇਸ ਮੌਕੇ ਭਾਈ ਪਰਮਿੰਦਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਦੇ ਨਿਸ਼ਕਾਮ ਰਾਗੀ ਜਥੇ ਨੇ ਰਸ-ਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਦਬੜੀਖਾਨਾ ਨੇ ਦੱਸਿਆ ਕਿ ਹਫਤਾਵਾਰੀ ਸਮਾਗਮਾਂ ਦੇ ਅਖੀਰਲੇ ਦਿਨ ਭਾਈ ਗੁਰਜੰਟ ਸਿੰਘ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ।
ਸਿਡਨੀ ਤੋਂ ਆਈ ਗਤਕਾ ਟੀਮ ਨੇ ਗਤਕੇ ਦੇ ਜੌਹਰ ਦਿਖਾਏ। ਪੰਜ ਪਿਆਰਿਆਂ ਦੇ ਆਗੂ ਸਿੰਘ ਮੈਲਬਰਨ ਤੋਂ ਆਏ ਭਾਈ ਗੁਰਮੁਖ ਸਿੰਘ ਨੇ ਕਥਾ ਦੁਆਰਾ ਖਾਲਸੇ ਦੇ ਪ੍ਰਗਟ ਹੋਣ ਬਾਰੇ ਚਾਨਣਾ ਪਾਇਆ ਗਿਆ। ਗਿਆਨੀ ਸੰਤੋਖ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।