ਲਾਹੌਰ, 15 ਅਕਤੂਬਰ
ਪਾਕਿਸਤਾਨ ’ਚ ਸਰਕਾਰ ਖ਼ਿਲਾਫ਼ ਭਲਕੇ 16 ਅਕਤੂਬਰ ਨੂੰ ਹੋਣ ਵਾਲੀ ਪਹਿਲੀ ਮਹਾਰੈਲੀ ਤੋਂ ਪਹਿਲਾਂ ਲਾਹੌਰ ਤੇ ਪੰਜਾਬ ਸੂਬੇ ਦੇ ਹੋਰਨਾਂ ਇਲਾਕਿਆਂ ’ਚ ਵਿਰੋਧੀ ਪਾਰਟੀਆਂ ਦੇ 450 ਤੋਂ ਵੱਧ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਖ਼ਿਲਾਫ਼ ਬਣਿਆ ਇਹ ਗੱਠਜੋੜ ਪਹਿਲੀ ਮਹਾਰੈਲੀ ਕਰਨ ਜਾ ਰਿਹਾ ਹੈ। ਪਾਕਿਸਤਾਨ ਦੀਆਂ 11 ਵੱਡੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ 20 ਸਤੰਬਰ ਨੂੰ ‘ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ’ (ਪੀਡੀਐੱਮ) ਦੇ ਗਠਨ ਦਾ ਐਲਾਨ ਕੀਤਾ ਸੀ। ਪਹਿਲੀ ਸਰਕਾਰ ਵਿਰੋਧੀ ਰੈਲੀ ਭਲਕੇ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਸ਼ਹਿਰ ’ਚ ਕੀਤੀ ਜਾਣੀ ਹੈ। ਇਸ ਤੋਂ ਬਾਅਦ ਕਰਾਚੀ ’ਚ 18 ਅਕਤੂਬਰ, ਕੋਇਟਾ ’ਚ 25 ਅਕਤੂਬਰ, ਪੇਸ਼ਾਵਰ ’ਚ 22 ਨਵੰਬਰ, ਮੁਲਤਾਨ ’ਚ 30 ਨਵੰਬਰ ਤੇ ਫਿਰ 13 ਦਸੰਬਰ ਨੂੰ ਲਾਹੌਰ ’ਚ ਰੈਲੀ ਦਾ ਪ੍ਰੋਗਰਾਮ ਹੈ। ਇਸੇ ਵਿਚਾਲੇ ਪੀਡੀਐੱਮ ਦੇ ਸਰਕਾਰ ਵਿਰੋਧੀ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਪੁਲੀਸ ਹਰਕਤ ’ਚ ਆ ਗਈ ਤੇ ਉਸ ਨੇ ਪੰਜਾਬ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਤਹਿਤ ਕੇਸ ਦਰਜ ਕੀਤੇ ਹਨ।
-ਪੀਟੀਆਈ