ਪੈਰਿਸ, 25 ਅਗਸਤ
ਰੂਸੀ-ਫਰੈਂਚ ਅਰਬਪਤੀ ਅਤੇ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਬਾਨੀ ਤੇ ਸੀਈਓ ਪਾਵੇਲ ਦੁਰੋਵ ਨੂੰ ਪੈਰਿਸ ਦੇ ਬਾਹਰ ਬੋਰਗੇਟ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਐੱਫ1 ਟੀਵੀ ਤੇ ਬੀਐੱਫਐੱਮ ਟੀਵੀ ਨੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਟੀਐੱਫ1 ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਦੁਰੋਵ ਆਪਣੇ ਪ੍ਰਾਈਵੇਟ ਜੈੱਟ ਰਾਹੀਂ ਸਫ਼ਰ ਕਰ ਰਿਹਾ ਸੀ। ਉਸ ਨੂੰ ਮੁੱਢਲੀ ਪੁਲੀਸ ਜਾਂਚ ਦੇ ਹਵਾਲੇ ਨਾਲ ਜਾਰੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਐੱਫ1 ਤੇ ਬੀਐੱਫਐੱਮ ਨੇ ਕਿਹਾ ਕਿ ਜਾਂਚ ਟੈਲੀਗ੍ਰਾਮ ’ਤੇ ਮੋਡਰੇਟਰਾਂ ਦੀ ਘਾਟ ’ਤੇ ਕੇਂਦਰਿਤ ਹੈ ਅਤੇ ਪੁਲੀਸ ਦਾ ਮੰਨਣਾ ਹੈ ਕਿ ਇਸ ਸਥਿਤੀ ਨੇ ਮੈਸੇਜਿੰਗ ਐਪ ’ਤੇ ਅਪਰਾਧਿਕ ਸਰਗਰਮੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਦਿੱਤੀਆਂ ਗਈਆਂ। ਫਰੈਂਚ ਮੀਡੀਆ ਮੁਤਾਬਕ, ਦੁਰੋਵ ਨੂੰ ਐਤਵਾਰ ਨੂੰ ਸੰਭਾਵੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। -ਰਾਇਟਰਜ਼