ਸ਼ਿਕਾਗੋ: ਸ਼ਿਕਾਗੋ ਵਿਚ ਇਕ ਸਮਾਰੋਹ ਦੌਰਾਨ ਇਕੱਤਰ ਹੋਈ ਭੀੜ ਨੂੰ ਖਦੇੜਨ ਦੀ ਕੋਸ਼ਿਸ਼ ਕਰਦਿਆਂ ਗੋਲੀ ਲੱਗਣ ਕਾਰਨ ਸ਼ਿਕਾਗੋ ਪੁਲੀਸ ਦੇ ਦੋ ਅਧਿਕਾਰੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਤੜਕੇ 1.45 ਵਜੇ ਵਿਚ ਵਾਪਰੀ। ਇਸ ਤੋਂ ਇਕ ਘੰਟਾ ਪਹਿਲਾਂ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਸਥਿਤ ਵਾਸ਼ਿੰਗਟਨ ਪਾਰਕ ’ਚ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਚਾਰ ਜਣੇ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਦੀ ਤਾਜ਼ਾ ਘਟਨਾ ਵਿਚ ਇਕ ਅਧਿਕਾਰੀ ਦੇ ਪੈਰ ’ਚ ਜਦਕਿ ਦੂਜੇ ਅਧਿਕਾਰੀ ਦੇ ਪੱਟ ਵਿਚ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਗੋਲੀਬਾਰੀ ਦੇ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ, ‘‘ਰਾਤ ਵੇਲੇ ਕਾਫੀ ਭੀੜ ਇਕੱਤਰ ਸੀ ਅਤੇ ਪਟਾਕੇ ਚੱਲ ਰਹੇ ਸਨ। ਉਹ ਭੀੜ ਨੂੰ ਖਦੇੜ ਰਹੇ ਸਨ ਜਦੋਂ ਉਨ੍ਹਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਦਰਦ ਮਹਿਸੂਸ ਹੋਇਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲੀਸ ਅਧਿਕਾਰੀਆਂ ਦੇ ਗੋਲੀਆਂ ਜਾਣ-ਬੁੱਝ ਕੇ ਮਾਰੀਆਂ ਗਈਆਂ ਸਨ ਜਾਂ ਅਣਜਾਣੇ ਵਿਚ ਲੱਗੀਆਂ ਸਨ।’’ ਪੁਲੀਸ ਨੇ ਇਕ ਬਿਆਨ ਜਾਰੀ ਕਰ ਕੇ ਵਾਸ਼ਿੰਗਟਨ ਪਾਰਕ ਵਿਚ ਹੋਈ ਗੋਲੀਬਾਰੀ ਬਾਰੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਚਾਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ 12 ਸਾਲਾ ਬੱਚੀ ਦੀ ਹਾਲਤ ਗੰਭੀਰ ਹੈ। -ਪੀਟੀਆਈ