ਪੇਈਚਿੰਗ, 19 ਫਰਵਰੀ
ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਨੇ ਅੱਜ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਮੰਨਿਆ ਕਿ ਉਸ ਦੇ ਚਾਰ ਫੌਜੀ ਅਧਿਕਾਰੀ ਅਤੇ ਜਵਾਨ ਪਿਛਲੇ ਸਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫੌਜ ਨਾਲ ਹੋਈ ਝੜਪ ਵਿੱਚ ਮਾਰੇ ਗਏ ਸਨ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ (ਸੀਐੱਮਸੀ) ਨੇ ਉਨ੍ਹਾਂ ਚਾਰ ਫੌਜੀ ਅਫਸਰਾਂ ਅਤੇ ਜਵਾਨਾਂ ਨੂੰ ਯਾਦ ਕੀਤਾ ਜੋ ਕਾਰਾਕੋਰਮ ਪਹਾੜੀਆਂ ‘ਤੇ ਤਾਇਨਾਤ ਸਨ ਅਤੇ ਜੂਨ 2020 ਵਿਚ ਭਾਰਤੀ ਫੌਜੀਆਂ ਨਾਲ ਝੜਪ ਵਿੱਚ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਪੀਐੱਲਏ ਦੀ ਸ਼ਿਨਜ਼ਿਆਂਗ ਫੌਜੀ ਕਮਾਨ ਦਾ ਰੈਜੀਮੈਂਟਲ ਕਮਾਂਡਰ ਕਵੀ ਫਾਬਾਓ ਵੀ ਸ਼ਾਮਲ ਸੀ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ।