ਪੇਈਚਿੰਗ, 10 ਜੁਲਾਈ
ਚੀਨ ਤੇ ਪਾਕਿਸਤਾਨ ਨੇ ਅੱਜ ਸ਼ੰਘਾਈ ਦੇ ਤੱਟ ’ਤੇ ਜੰਗੀ ਅਭਿਆਸ ਆਰੰਭ ਦਿੱਤਾ ਹੈ। ਇਸ ਵਿਚ ਦੋਵਾਂ ਦੇਸ਼ਾਂ ਦੀ ਜਲ ਸੈਨਾ ਹਿੱਸਾ ਲੈ ਰਹੀ ਹੈ। ਇਸ ਨੂੰ ‘ਸੀਅ ਗਾਰਡੀਅਨਜ਼-2’ ਦਾ ਨਾਂ ਦਿੱਤਾ ਗਿਆ ਹੈ। ਅਭਿਆਸ ਵਿਚ ਨਵੇਂ ਅਤਿ-ਆਧੁਨਿਕ ਜਲ ਸੈਨਾ ਬੇੜੇ ਤੇ ਲੜਾਕੂ ਜਹਾਜ਼ ਹਿੱਸਾ ਲੈ ਰਹੇ ਹਨ। ਇਸ ਅਭਿਆਸ ਦਾ ਮੰਤਵ ‘ਸਮੁੰਦਰੀ ਖ਼ਤਰਿਆਂ ਨਾਲ ਮਿਲ ਕੇ ਨਜਿੱਠਣਾ ਹੈ।’ ਦੱਸਣਯੋਗ ਹੈ ਕਿ ਦੋਵਾਂ ਮੁਲਕਾਂ ਦੀ ਜਲ ਸੈਨਾ ਨੇ ਪਿਛਲੇ ਕੁਝ ਸਮੇਂ ਤੋਂ ਭਾਰਤ ਨਾਲ ਲੱਗਦੇ ਹਿੰਦ ਮਹਾਸਾਗਰ ਖੇਤਰ ਵਿਚ ਸਹਿਯੋਗ ਵਧਾ ਦਿੱਤਾ ਹੈ। ਚੀਨ ਦੀ ਜਲ ਸੈਨਾ ਦੇ ਬੁਲਾਰੇ ਕੈਪਟਨ ਲਿਊ ਵੇਨਸ਼ੈਂਗ ਨੇ ਕਿਹਾ ਕਿ ਪੀਪਲਜ਼ ਲਬਿਰੇਸ਼ਨ ਆਰਮੀ ਤੇ ਪਾਕਿਸਤਾਨੀ ਜਲ ਸੈਨਾ ਸ਼ੰਘਾਈ ਦੀ ਏਅਰਸਪੇਸ ਤੇ ਨਾਲ ਲੱਗਦੇ ਸਮੁੰਦਰੀ ਖੇਤਰ ਵਿਚ ਸਾਂਝਾ ਅਭਿਆਸ ਕਰਨਗੀਆਂ। ਲਿਊ ਨੇ ਨਾਲ ਹੀ ਕਿਹਾ ਕਿ ਇਹ ਅਭਿਆਸ ਆਮ ਤੌਰ ’ਤੇ ਤੈਅ ਪ੍ਰੋਗਰਾਮ ਮੁਤਾਬਕ ਹੀ ਕੀਤਾ ਜਾ ਰਿਹਾ ਹੈ ਤੇ ਕਿਸੇ ਤੀਜੀ ਧਿਰ ਵੱਲ ਸੇਧਿਤ ਨਹੀਂ ਹੈ। ਪੀਐਲਏ ਦੀ ਪੂਰਬੀ ਕਮਾਨ ਨੇ ਅਭਿਆਸ ਲਈ ਵੱਡਾ ਜੰਗੀ ਜਲ ਸੈਨਾ ਬੇੜਾ ‘ਸ਼ਿਆਂਗਟੈਨ’ ਭੇਜਿਆ ਹੈ। ਇਸ ਤੋਂ ਇਲਾਵਾ ਹੋਰ ਵੱਡੇ ਜਹਾਜ਼ ਵੀ ਭੇਜੇ ਗਏ ਹਨ। ਇਕ ਪਣਡੁੱਬੀ ਵੀ ਇਸ ਵਿਚ ਹਿੱਸਾ ਲੈ ਰਹੀ ਹੈ। ਪਾਕਿਸਤਾਨ ਵੱਲੋਂ ਵੱਡਾ ਜੰਗੀ ਬੇੜਾ ‘ਤੈਮੂਰ’ ਅਭਿਆਸ ਵਿਚ ਸ਼ਾਮਲ ਹੈ। ‘ਤੈਮੂਰ’ ਦਾ ਨਿਰਮਾਣ ਚੀਨ ਨੇ ਹੀ ਕੀਤਾ ਹੈ। ਇਹ ਸ਼ੰਘਾਈ ਵਿਚ ਪਾਕਿਸਤਾਨ ਦੀ ਜਲ ਸੈਨਾ ਨੂੰ 23 ਜੂੁਨ ਨੂੰ ਸੌਂਪਿਆ ਗਿਆ ਸੀ। ਪੀਐਲਏ ਦੇ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ ਸੈਨਿਕਾਂ ਨੂੰ ਸਮੁੰਦਰੀ ਖੇਤਰ ਵਿਚ ਨਿਸ਼ਾਨੇ ਫੁੰਡਣ ਦੀ ਸਾਂਝੀ ਸਿਖ਼ਲਾਈ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਣਡੁੱਬੀਆਂ ਦਾ ਮੁਕਾਬਲਾ ਕਰਨਾ ਵੀ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਭਿਆਸ ਦਾ ਮੰਤਵ ਰੱਖਿਆ ਸਹਿਯੋਗ ਨੂੰ ਵਧਾਉਣਾ ਹੈ। -ਪੀਟੀਆਈ