ਪੇਈਚਿੰਗ, 5 ਜੁਲਾਈ
ਚੀਨੀ ਅਧਿਕਾਰੀਆਂ ਨੇ ਕੈਨੇਡਿਆਈ ਰਾਜਦੂਤ ਨੂੰ ਚੀਨ ਵਿੱਚ ਜੰਮੇ ਤੇ ਪੰਜ ਸਾਲ ਪਹਿਲਾਂ ਹਾਂਗਕਾਂਗ ਤੋਂ ਲਾਪਤਾ ਕੈਨੇਡਿਆਈ ਪੂੰਜੀਪਤੀ ਖ਼ਿਲਾਫ਼ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ। ਇਹ ਦਾਅਵਾ ਕੈਨੇਡਿਆਈ ਸਰਕਾਰ ਨੇ ਅੱਜ ਕੀਤਾ ਹੈ। ਸ਼ਿਆਓ ਜਿਆਨਹੁਆ ਨੂੰ ਜਨਵਰੀ 2017 ਵਿੱਚ ਹਾਂਗਕਾਂਗ ਦੇ ਹੋਟਲ ਵਿੱਚ ਵੇਖਿਆ ਗਿਆ ਸੀ ਤੇ ਮੰਨਿਆ ਜਾਂਦਾ ਹੈ ਕਿ ਚੀਨੀ ਅਧਿਕਾਰੀ ਉਸ ਨੂੰ ਵਾਪਸ ਚੀਨ ਲੈ ਗਏ ਹਨ। ਖ਼ਬਰਾਂ ਮੁਤਾਬਕ ਉਸ ਸਾਲ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਨੇ ਪੂੰਜੀਪਤੀ ਨੂੰ ਪੁੱਛ-ਪੜਤਾਲ ਲਈ ਜਾਂਚ ਅਧੀਨ ਰੱਖਿਆ ਸੀ। ਹਾਲਾਂਕਿ ਸਰਕਾਰ ਨੇ ਅਧਿਕਾਰਤ ਤੌਰ ’ਤੇ ਕਈ ਤਫਸੀਲ ਜਾਰੀ ਨਹੀਂ ਕੀਤੀ। ਸਰਕਾਰ ਨੇ ਕਦੇ ਵੀ ਇਹ ਪੁਸ਼ਟੀ ਨਹੀਂ ਕੀਤੀ ਕਿ ‘ਟੁਮਾਰੋ ਗਰੁੱਪ’ ਦਾ ਬਾਨੀ ਸ਼ਿਆਓ, ਜੋ ਲੜੀਵਾਰ ਭ੍ਰਿਸ਼ਟਾਚਾਰ ਵਿਰੋਧੀ ਕੇਸਾਂ ਦੀ ਪੁੱਛ-ਪੜਤਾਲ ਨਾਲ ਜੁੜਿਆ ਹੋਇਆ ਸੀ ਤੇ ਨਿਗਰਾਨਾਂ ਨੇ ਉਸ ਦੀਆਂ ਕਈ ਵਿੱਤੀ ਕੰਪਨੀਆਂ ਨੂੰ ਜ਼ਬਤ ਕੀਤਾ ਸੀ, ਨੂੰ ਹਿਰਾਸਤ ਵਿੱਚ ਲਿਆ ਹੈ ਜਾਂ ਉਸ ਨੂੰ ਕਿਹੜੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਿਆਈ ਸਰਕਾਰ ਨੇ ਕਿਹਾ ਕਿ ਸ਼ਿਆਓ ਦਾ ਕੋਰਟ ਟਰਾਇਲ ਪਹਿਲਾਂ ਸੋਮਵਾਰ ਨੂੰ ਸੀ। ਕੈਨੇਡਿਆਈ ਸਰਕਾਰ ਨੇ ਬਿਆਨ ਵਿੱਚ ਕਿਹਾ, ‘‘ਕੈਨੇਡਾ ਨੇ ਟਰਾਇਲ ਦੀ ਕਾਰਵਾਈ ’ਚ ਸ਼ਾਮਲ ਹੋਣ ਲਈ ਕਈ ਵਾਰ ਗੁਜ਼ਾਰਿਸ਼ ਕੀਤੀ, ਪਰ ਚੀਨੀ ਅਥਾਰਿਟੀਜ਼ ਨੇ ਸਾਡੀ ਹਾਜ਼ਰੀ ਤੋਂ ਨਾਂਹ ਕਰ ਦਿੱਤੀ।’’ ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਆਓ ਬਾਰੇ ਕੋਈ ਜਾਣਕਾਰੀ ਨਹੀਂ ਹੈ। -ਏਪੀ