ਪੇਈਚਿੰਗ, 14 ਜੂਨ
ਚੀਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪੇਈਚਿੰਗ ਵੱਲੋਂ ਲਗਾਈਆਂ ਗਈਆਂ ਸਖ਼ਤ ਵੀਜ਼ਾ ਪਾਬੰਦੀਆਂ ਕਾਰਨ ਦੋ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸੇ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਹਾਲਾਂਕਿ, ਚੀਨੀ ਦੂਤਾਵਾਸ ਨੇ ਸਪੱਸ਼ਟ ਕੀਤਾ ਹੈ ਕਿ ਸੈਰ-ਸਪਾਟੇ ਅਤੇ ਨਿੱਜੀ ਉਦੇਸ਼ਾਂ ਲਈ ਵੀਜ਼ਾ ਸੇਵਾ ਅਜੇ ਵੀ ਮੁਅੱਤਲ ਰਹੇਗੀ। ਇਸ ਤੋਂ ਇਲਾਵਾ ਚੀਨ ਸਰਕਾਰ ਉਨ੍ਹਾਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਨਬਿੇੜਾ ਵੀ ਕਰ ਰਹੀ ਹੈ ਜਿਨ੍ਹਾਂ ਨੇ ਪੜ੍ਹਾਈ ਲਈ ਆਪਣੇ ਕਾਲਜਾਂ ਤੇ ਯੂਨੀਵਰਸਿਟੀਜ਼ ਵਿੱਚ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸੋਮਵਾਰ ਨੂੰ ਭਾਰਤ ਸਥਿਤ ਚੀਨੀ ਦੂਤਾਵਾਸ ਨੇ ਦੋ ਸਾਲ ਤੋਂ ਵੱਧ ਸਮੇਂ ਬਾਅਦ ਆਪਣੀ ਕੋਵਿਡ-19 ਵੀਜ਼ਾ ਨੀਤੀ ਅਪਡੇਟ ਕੀਤੀ, ਜਿਸ ਤਹਿਤ ਸਾਰੇ ਖੇਤਰਾਂ ਵਿੱਚ ਕੰਮ ਦੁਬਾਰਾ ਸ਼ੁਰੂ ਕਰਨ ਲਈ ਚੀਨ ਪਰਤਣ ਦੇ ਇੱਛੁਕ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀਜ਼ਾ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਨੇ ਕਿਹਾ ਕਿ ਭਾਰਤੀਆਂ ਤੋਂ ਇਲਾਵਾ ਉਨ੍ਹਾਂ ਚੀਨੀ ਤੇ ਵਿਦੇਸ਼ੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਵੀ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀਜ਼ਾ ਵਾਸਤੇ ਅਰਜ਼ੀਆਂ ਦੇ ਸਕਦੇ ਹਨ, ਜਿਨ੍ਹਾਂ ਕੋਲ ਚੀਨ ਦਾ ਸਥਾਈ ਰਿਹਾਇਸ਼ੀ ਪਰਮਿਟ ਹੈ। -ਪੀਟੀਆਈ