ਪੇਈਚਿੰਗ, 22 ਅਕਤੂਬਰ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ (69) ਦੇ ਸ਼ਨਿਚਰਵਾਰ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਤਾਕਤਵਰ ਕੇਂਦਰੀ ਕਮੇਟੀ ਲਈ ਚੁਣੇ ਜਾਣ ਮਗਰੋਂ ਉਨ੍ਹਾਂ ਦੇ ਰਿਕਾਰਡ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਉਧਰ ਸਿਖਰਲੇ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪ੍ਰਧਾਨ ਮੰਤਰੀ ਲੀ ਕੇਕਿਆਂਗ ਸਮੇਤ ਕਈ ਚੋਟੀ ਦੇ ਆਗੂਆਂ ਨੂੰ ਕੇਂਦਰੀ ਕਮੇਟੀ ’ਚੋਂ ਲਾਂਭੇ ਕਰ ਦਿੱਤਾ ਗਿਆ ਹੈ। ਪੰਜ ਸਾਲਾਂ ’ਚ ਇਕ ਵਾਰ ਹੋਣ ਵਾਲੀ ਕਾਂਗਰਸ ਨੇ ਹਫ਼ਤਾ ਭਰ ਚੱਲੇ ਸੈਸ਼ਨ ਦੇ ਅਖੀਰਲੇ ਦਿਨ 205 ਨਿਯਮਤ ਕੇਂਦਰੀ ਕਮੇਟੀ ਮੈਂਬਰਾਂ ਅਤੇ 171 ਬਦਲਵੇਂ ਮੈਂਬਰਾਂ ਦੀ ਚੋਣ ਕੀਤੀ। ਸ਼ੀ ਨੂੰ ਕੇਂਦਰੀ ਕਮੇਟੀ ਲਈ ਚੁਣਿਆ ਗਿਆ ਹੈ ਜੋ 25 ਮੈਂਬਰੀ ਸਿਆਸੀ ਬਿਊਰੋ ਦੀ ਚੋਣ ਕਰਨ ਲਈ ਐਤਵਾਰ ਨੂੰ ਮੀਟਿੰਗ ਕਰੇਗੀ। ਉਹ ਦੇਸ਼ ਨੂੰ ਚਲਾਉਣ ਲਈ ਸਥਾਈ ਕਮੇਟੀ ਦੇ ਸੱਤ ਜਾਂ ਉਸ ਤੋਂ ਵੱਧ ਮੈਂਬਰਾਂ ਦੀ ਚੋਣ ਕਰੇਗੀ। ਇਸ ਮਗਰੋਂ ਸਥਾਈ ਕਮੇਟੀ ਜਨਰਲ ਸਕੱਤਰ ਦੀ ਚੋਣ ਕਰੇਗੀ, ਜੋ ਪਾਰਟੀ ਅਤੇ ਦੇਸ਼ ਦਾ ਮੁਖੀ ਹੋਵੇਗਾ। ਅਬਜ਼ਰਵਰਾਂ ਮੁਤਾਬਕ ਕੇਂਦਰੀ ਕਮੇਟੀ ਲਈ ਚੁਣੇ ਜਾਣ ਮਗਰੋਂ ਸ਼ੀ ਦਾ ਜਨਰਲ ਸਕੱਤਰ ਬਣਨਾ ਲਗਭਗ ਤੈਅ ਹੈ। ਸ਼ੀ ਨੇ ਆਪਣੇ ਕਈ ਸਾਥੀਆਂ ਨੂੰ ਕੇਂਦਰੀ ਕਮੇਟੀ ਵਿੱਚ ਸ਼ਾਮਲ ਕਰਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਕੇਂਦਰੀ ਕਮੇਟੀ ਦੀ ਸੂਚੀ ’ਚ ਪ੍ਰਧਾਨ ਮੰਤਰੀ ਲੀ ਕੇਕਿਆਂਗ, ਨੈਸ਼ਨਲ ਪੀਪਲਜ਼ ਕਾਂਗਰਸ ਦੇ ਚੇਅਰਮੈਨ ਲੀ ਜ਼ਾਂਸ਼ੂ, ਚੀਨੀ ਪੀਪਲਜ਼ ਪੋਲੀਟਿਕਲ ਕੰਸਲਟੇਟਿਵ ਕਾਨਫਰੰਸ ਦੇ ਚੇਅਰਮੈਨ ਵੈਂਗ ਯਾਂਗ ਅਤੇ ਉਪ-ਪ੍ਰਧਾਨ ਮੰਤਰੀ ਹਾਨ ਜ਼ੇਂਗ ਦੇ ਨਾਮ ਨਹੀਂ ਹਨ। ਇਹ ਸਾਰੇ ਸ਼ੀ ਦੀ ਅਗਵਾਈ ਵਾਲੀ ਸੱਤ ਮੈਂਬਰੀ ਸਥਾਈ ਕਮੇਟੀ ਦਾ ਹਿੱਸਾ ਹਨ। ਉਂਜ ਲੀ ਨੇ ਪਹਿਲਾਂ ਹੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਹ ਪਾਰਟੀ ਦੁਆਰਾ ਨਿਰਧਾਰਤ 68 ਸਾਲ ਦੀ ਅਧਿਕਾਰਤ ਸੇਵਾਮੁਕਤੀ ਦੀ ਉਮਰ ਤੋਂ ਇੱਕ ਸਾਲ ਘੱਟ ਹੈ। ਸਥਾਈ ਕਮੇਟੀ ਦੀ ਐਤਵਾਰ ਨੂੰ ਚੋਣ ਮਗਰੋਂ ਸ਼ੀ ਅਤੇ ਨਵੀਂ ਟੀਮ ਦੇ ਮੀਡੀਆ ਸਾਹਮਣੇ ਆਉਣ ਦੀ ਸੰਭਾਵਨਾ ਹੈ। -ਪੀਟੀਆਈ
ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਟਿੰਗ ’ਚੋਂ ਬਾਹਰ ਕੱਢਿਆ
ਪੇਈਚਿੰਗ: ਚੀਨ ਦੀ ਹੁਕਮਰਾਨ ਕਮਿਊਨਿਸਟ ਪਾਰਟੀ ਦੇ ਇਥੇ ਚੱਲ ਰਹੇ ਇਜਲਾਸ ਦੀ ਸਮਾਪਤੀ ਤੋਂ ਪਹਿਲਾਂ ਨਾਟਕੀ ਢੰਗ ਨਾਲ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ (79) ਨੂੰ ਮੀਡੀਆ ਦੇ ਸਾਹਮਣੇ ਮੰਚ ਤੋਂ ਜਬਰਦਸਤੀ ਹਟਾ ਦਿੱਤਾ ਗਿਆ। ਜਿਨਤਾਓ ਰਾਸ਼ਟਰਪਤੀ ਜਿਨਪਿੰਗ ਅਤੇ ਹੋਰ ਸੀਨੀਅਰ ਆਗੂਆਂ ਨਾਲ ਗ੍ਰੇਟ ਹਾਲ ਆਫ ਪੀਪਲ (ਸੰਸਦ ਭਵਨ) ਵਿੱਚ ਪਹਿਲੀ ਕਤਾਰ ਵਿੱਚ ਬੈਠੇ ਸਨ। ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਮੀਟਿੰਗ ਛੱਡਣ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਸੁਰੱਖਿਆ ਕਰਮਚਾਰੀ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸਥਾਨਕ ਅਤੇ ਵਿਦੇਸ਼ੀ ਮੀਡੀਆ ਨੂੰ 2,296 ਡੈਲੀਗੇਟਾਂ ਵਾਲੀ ਮੀਟਿੰਗ ਨੂੰ ਕਵਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਘਟਨਾ ਦਾ ਕਰੀਬ ਇਕ ਮਿੰਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਜਿਨਤਾਓ ਨੂੰ ਵਿਰੋਧ ਕਰਦਿਆਂ ਦੇਖਿਆ ਜਾ ਸਕਦਾ ਹੈ। ਜਿਨਤਾਓ ਨੇ ਆਪਣਾ 10 ਸਾਲ ਦਾ ਕਾਰਜਕਾਲ ਮੁਕੰਮਲ ਕਰਨ ਮਗਰੋਂ 2012 ਵਿੱਚ ਸੱਤਾ ਸ਼ੀ ਨੂੰ ਸੌਂਪ ਦਿੱਤੀ ਸੀ। ਬਾਹਰ ਜਾਣ ਸਮੇਂ ਜਿਨਤਾਓ ਦੇ ਹੱਥ ’ਚ ਕੁਝ ਕਾਗਜ਼ ਸਨ ਅਤੇ ਉਹ ਆਪਣੇ ਨਾਲ ਜਾ ਰਹੇ ਦੋਵੇਂ ਵਿਅਕਤੀਆਂ ਨੂੰ ਕੁਝ ਆਖਦੇ ਹੋਏ ਨਜ਼ਰ ਆ ਰਹੇ ਹਨ। ਪੂਰੇ ਘਟਨਾਕ੍ਰਮ ਦੌਰਾਨ ਬਾਕੀ ਆਗੂ ਖਾਮੋਸ਼ ਬੈਠੇ ਇਹ ਨਾਟਕ ਦੇਖਦੇ ਰਹੇ। ਹੂ ਨੇ ਬਾਹਰ ਜਾਣ ਸਮੇਂ ਸ਼ੀ ਨੂੰ ਕੁਝ ਆਖਿਆ ਜਿਸ ਦਾ ਉਨ੍ਹਾਂ ਸਿਰ ਹਿਲਾ ਕੇ ਜਵਾਬ ਦਿੱਤਾ ਅਤੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੂੰ ਥਾਪੜਾ ਦਿੱਤਾ। ਹੂ ਨੂੰ ਬਾਹਰ ਕੱਢਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਂਜ ਖ਼ਬਰ ਏਜੰਸੀ ਸਿਨਹੁਆ ਨੇ ਕਿਹਾ ਕਿ ਜਿਨਤਾਓ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਮੀਟਿੰਗ ਵਿਚਾਲੇ ਹੀ ਛੱਡ ਦਿੱਤੀ ਸੀ। -ਪੀਟੀਆਈ