ਪੇਈਚਿੰਗ, 10 ਅਗਸਤ
ਲਿਥੂਆਨੀਆ ਵੱਲੋਂ ਦੇਸ਼ ’ਚ ਤਾਇਵਾਨ ਨੂੰ ਉਸ ਦੇ ਨਾਂ ਨਾਲ ਪ੍ਰਤੀਨਿਧ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਭੜਕੇ ਚੀਨ ਨੇ ਅੱਜ ਇੱਥੇ ਆਪਣਾ ਰਾਜਦੂਤ ਵਾਪਸ ਸੱਦ ਲਿਆ ਅਤੇ ਇਸ ਬਾਲਟਿਕ ਸਮੁੰਦਰੀ ਦੇਸ਼ ਨੂੰ ਇੱਥੇ ਤਾਇਨਾਤ ਆਪਣ ਸਿਖਰਲੇ ਪ੍ਰਤੀਨਿਧੀ ਵਾਪਸ ਸੱਦਣ ਲਈ ਕਿਹਾ ਹੈ। ਚੀਨ 1950 ਤੋਂ ਆਜ਼ਾਦ ਟਾਪੂ ਤਾਇਵਾਨ ਨੂੰ ਇੱਕ ਬਾਗੀ ਇਲਾਕੇ ਵਜੋਂ ਦੇਖਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਹ ਫ਼ੈਸਲਾ (ਤਾਇਵਾਨ ਨੂੰ ਉਸ ਦੇ ਨਾਂ ਹੇਠ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦੇਣਾ) ਚੀਨ ਤੇ ਲਿਥੂਆਨੀਆ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਨੂੰ ਲੈ ਕੇ ਸਰਕਾਰੀ ਸਹਿਮਤੀ ਦੀ ਭਾਵਨਾ ਦੀ ਉਲੰਘਣਾ ਕਰਦਾ ਹੈ ਤੇ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ।’ ਮੰਤਰਾਲੇ ਨੇ ਕਿਹਾ, ‘ਚੀਨ ਸਰਕਾਰ ਇਸ ਕਦਮ ’ਤੇ ਸਖਤ ਵਿਰੋਧ ਜ਼ਾਹਿਰ ਕਰਦੀ ਹੈ। ਚੀਨ ਨੇ ਲਿਥੂਆਨੀਆ ਤੋਂ ਆਪਣਾ ਰਾਜਦੂਤ ਵਾਪਸ ਸੱਦਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ