ਪੇਈਚਿੰਗ, 10 ਅਗਸਤ
ਚੀਨ ਨੇ ਅੱਜ ਆਪਣੀ ਉਸ ਚਿਤਾਵਨੀ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਉਸ ਨੇ ਤਾਇਵਾਨ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਗੱਲ ਕਹੀ ਸੀ। ਇਨ੍ਹਾਂ ਚਿਤਾਵਨੀਆਂ ਦਰਮਿਆਨ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਜੰਗੀ ਮਸ਼ਕਾਂ ਨਾਲ ਖੇਤਰ ਵਿੱਚ ਤਣਾਅ ਬਹੁਤ ਵਧਿਆ ਹੋਇਆ ਹੈ। ਇਸੇ ਦੌਰਾਨ ਚੀਨ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਨੇ ਅਮਰੀਕਾ ਦੀ ਨੁਮਾਇੰਦਾ ਸਦਨ ਦੀ ਪ੍ਰਧਾਨ ਨੈਨਸੀ ਪੇਲੋਸੀ ਦੀ ਤੈਪਈ ਯਾਤਰਾ ਖ਼ਿਲਾਫ਼ ਤਾਇਵਾਨ ਦੇ ਨੇੜੇ-ਤੇੜੇ 10 ਰੋਜ਼ਾ ਜੰਗੀ ਅਭਿਆਸ ਪੂਰਾ ਕਰ ਲਿਆ ਹੈ।
ਚੀਨੀ ਕੈਬਨਿਟ ਦੇ ਤਾਇਵਾਨ ਮਾਮਲਿਆਂ ਬਾਰੇ ਦਫ਼ਤਰ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਚੀਨ ਦੀਆਂ ਜੰਗੀ ਗਤੀਵਿਧੀਆਂ ਕਾਰਨ ਇਸ ਖੇਤਰ ’ਚ ਉਡਾਣਾਂ ਤੇ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਆਲਮੀ ਸਪਲਾਈ ਚੇਨ ’ਤੇ ਵੀ ਅਸਰ ਪਿਆ ਹੈ। ਚੀਨ ਦੀਆਂ ਗਤੀਵਿਧੀਆਂ ਦੀ ਅਮਰੀਕਾ, ਜਾਪਾਨ ਤੇ ਹੋਰਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਚੀਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਈਚਿੰਗ ਸ਼ਾਂਤਮਈ ਢੰਗ ਨਾਲ ਤਾਇਵਾਨ ਦਾ ਰਲੇਵਾਂ ਚਾਹੁੰਦਾ ਹੈ ਪਰ ਫੌਜੀ ਤਾਕਤ ਦੀ ਵਰਤੋਂ ਨਾ ਕਰਨ ਦਾ ਵਾਅਦਾ ਨਹੀਂ ਕਰਦਾ। ਉਹ ਹਰ ਰਾਹ ਖੁੱਲ੍ਹਾ ਰੱਖਣਗੇ।
ਦੂਜੇ ਪਾਸੇ ਸਰਕਾਰੀ ਗਲੋਬਲ ਟਾਈਮਜ਼ ਅਖ਼ਬਾਰ ਨੇ ਟਵੀਟ ਕੀਤਾ ਕਿ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੀ ਪੂਰਬੀ ਥੀਏਟਰ ਕਮਾਨ ਨੇ ਕਿਹਾ ਕਿ ਤਾਇਵਾਨ ਦੇ ਨੇੜੇ-ਤੇੜੇ ਸਾਂਝੀ ਫੌਜੀ ਮੁਹਿੰਮ ਕਾਮਯਾਬੀ ਨਾਲ ਮੁਕੰਮਲ ਕਰ ਲਈ ਗਈ ਹੈ। ਪੂਰਬੀ ਥੀਏਟਰ ਕਮਾਨ ਦੇ ਬੁਲਾਰੇ ਸੀਨੀਅਰ ਕਰਨਲ ਸ਼ੀ ਯੀ ਨੇ ਕਿਹਾ ਕਿ ਪੀਐੱਲਏ ਦੀ ਥੀਏਟਰ ਕਮਾਨ ਤਾਇਵਾਨ ਜਲਡਮਰੂ ’ਚ ਬਦਲਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੇਗੀ ਅਤੇ ਜੰਗੀ ਤਿਆਰੀਆਂ ਕਰੇਗੀ। -ਏਪੀ