ਵਾਸ਼ਿੰਗਟਨ, 29 ਨਵੰਬਰ
ਭਾਰਤੀ ਮੂਲ ਦੇ ਅਮਰੀਕੀ ਕਾਨੂੰਨਸਾਜ਼ ਨੇ ਚੀਨ ਵਲੋਂ ਲੱਦਾਖ ਵਿੱਚ ਭਾਰਤੀ ਸਰਹੱਦ ’ਤੇ ਲਗਾਤਾਰ ਕੀਤੀ ਜਾ ਰਹੀ ਉਸਾਰੀ ਦੀਆਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਹ ਰਿਪੋਰਟਾਂ ਸਹੀ ਹਨ ਤਾਂ ਇਹ ਪੇਈਚਿੰਗ ਵਲੋਂ ਚੁੱਕਿਆ ਜਾ ਰਿਹਾ ‘ਭੜਕਾਊ ਕਦਮ’ ਹੈ ਅਤੇ ਇਹ ਦੱਖਣੀ ਚੀਨ ਸਾਗਰ ਵਿੱਚ (ਚੀਨ) ਦੇ ਵਿਹਾਰ ਨਾਲ ਮੇਲ ਖਾਂਦਾ ਹੈ।
ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨੇੜੇ ਮਈ ਤੋਂ ਭਾਰਤ ਅਤੇ ਚੀਨ ਵਿਚਾਲੇ ਫੌਜੀ ਟਕਰਾਅ ਬਣਿਆ ਹੋਇਆ ਹੈ। ਦੋਵਾਂ ਮੁਲਕਾਂ ਦੀਆਂ ਵੱਡੀ ਗਿਣਤੀ ਫੌਜਾਂ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹਨ। ਟਕਰਾਅ ਦੇ ਹੱਲ ਲਈ ਦੋਵਾਂ ਵਿਚਾਲੇ ਕਈ ਗੇੜਾਂ ਵਿੱਚ ਹੋਈ ਵਾਰਤਾ ਦੇ ਕੋਈ ਠੋਸ ਸਿੱਟੇ ਨਹੀਂ ਨਿਕਲੇ ਹਨ। ਡੈਮੋਕ੍ਰੇਟਿਕ ਕਾਨੂੰਨਸਾਜ਼ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਜੇਕਰ ਇਹ (ਰਿਪੋਰਟਾਂ) ਸਹੀ ਹਨ, ਤਾਂ ਇਹ ਚੀਨੀ ਫੌਜ ਵਲੋਂ ਜ਼ਮੀਨੀ ਪੱਧਰ ’ਤੇ ਤੱਥਾਂ ਨੂੰ ਬਦਲਣ ਲਈ ਕੀਤੀ ਇੱਕ ਹੋਰ ਭੜਕਾਊ ਕਾਰਵਾਈ ਹੋਵੇਗੀ।’’ ਅਮਰੀਕੀ ਸਦਨ ਦੀ ਖ਼ੁਫ਼ੀਆ ਵਿੰਗ ਬਾਰੇ ਸਥਾਈ ਚੋਣ ਕਮੇਟੀ ਵਿੱਚ ਸ਼ਾਮਲ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਇਹ ਉਸ (ਚੀਨ) ਦੇ ਦੱਖਣੀ ਚੀਨ ਸਾਗਰ ਵਿੱਚ ਵਿਹਾਰ ਨਾਲ ਵੀ ਮੇਲ ਖਾਂਦਾ ਹੈ, ਜਿੱਥੇ ਉਹ ਟਾਪੂ ਬਣਾਉਂਦੇ ਹਨ, ਜਿੱਥੇ ਉਹ ਤੱਥਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਚੀਨ ਵਲੋਂ ਕੀਤੀਆਂ ਜਾ ਰਹੀਆਂ ਉਸਾਰੀਆਂ ਸਬੰਧੀ ਸੈਟੇਲਾਈਟ ਤਸਵੀਰਾਂ ਤੋਂ ਉਨ੍ਹਾਂ ਦੀ ਇਸ ਬਾਰੇ ਸੂਚਨਾ ਮਿਲੀ ਹੈ। -ਪੀਟੀਆਈ