ਪੇਈਚਿੰਗ, 23 ਅਕਤੂਬਰ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅੱਜ ਰਿਕਾਰਡ ਤੀਜੀ ਵਾਰ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦਾ ਜਨਰਲ ਸਕੱਤਰ ਚੁਣ ਲਿਆ ਗਿਆ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਪਾਰਟੀ ਦੇ ਸੰਸਥਾਪਕ ਮਾਓ ਜ਼ੇ ਤੁੰਗ ਤੋਂ ਬਾਅਦ ਉਹ ਤੀਜੀ ਵਾਰ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਹਨ। ਕੇਂਦਰੀ ਕਮੇਟੀ ਨੇ ਅੱਜ 24 ਮੈਂਬਰੀ ‘ਪੋਲਿਟੀਕਲ ਬਿਊਰੋ’ ਦੀ ਚੋਣ ਵੀ ਕੀਤੀ ਜਿਸ ਨੇ ਦੇਸ਼ ਦਾ ਰਾਜ ਚਲਾਉਣ ਲਈ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਕੀਤੀ। ਸ਼ੀ ਦੀ ਅਗਵਾਈ ਹੇਠ ਹੋਏ ਪਹਿਲੇ ਇਜਲਾਸ ’ਚ ਸੀਪੀਸੀ ਕੇਂਦਰੀ ਕਮੇਟੀ ਦੇ 203 ਮੈਂਬਰ ਅਤੇ 168 ਬਦਲਵੇਂ ਮੈਂਬਰ ਹਾਜ਼ਰ ਸਨ। ਇਜਲਾਸ ਦੌਰਾਨ ਸ਼ੀ ਨੂੰ ਕੇਂਦਰੀ ਮਿਲਟਰੀ ਕਮਿਸ਼ਨ ਦਾ ਚੇਅਰਮੈਨ ਵੀ ਨਾਮਜ਼ਦ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਚੀਨ ਦੀ ਪੂਰੀ ਫ਼ੌਜ ਦੇ ਅਖ਼ਤਿਆਰ ਉਨ੍ਹਾਂ ਕੋਲ ਹੋਣਗੇ। ਸੀਪੀਸੀ ਨੇ ਸੱਤ ਮੈਂਬਰੀ ਨਵੀਂ ਸਟੈਂਡਿੰਗ ਕਮੇਟੀ ਦਾ ਵੀ ਐਲਾਨ ਕੀਤਾ। ਇਸ ਕਮੇਟੀ ’ਚ ਸ਼ੀ ਅਤੇ ਉਨ੍ਹਾਂ ਦੇ ਵਫ਼ਾਦਾਰ ਸ਼ਾਮਲ ਹਨ ਜਿਨ੍ਹਾਂ ’ਚ ਲੀ ਕੇਕਿਆਂਗ (63) ਵੀ ਹੈ ਅਤੇ ਉਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਜਦੋਂ ਅਗਲੇ ਸਾਲ ਲੀ ਕਿਆਂਗ ਸੇਵਾਮੁਕਤ ਹੋਣਗੇ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਕਿਆਂਗ ਦੀ ਚੋਣ ਹੈਰਾਨ ਕਰਨ ਵਾਲੀ ਹੈ ਕਿਉਂਕਿ ਹੁਣੇ ਜਿਹੇ ਸ਼ੰਘਾਈ ’ਚ ਕੋਵਿਡ-19 ਫੈਲਿਆ ਸੀ ਜਿਸ ਕਾਰਨ ਢਾਈ ਕਰੋੜ ਦੀ ਆਬਾਦੀ ਵਾਲੇ ਸ਼ਹਿਰ ’ਚ ਕਈ ਹਫ਼ਤਿਆਂ ਤੱਕ ਲੌਕਡਾਊਨ ਰਿਹਾ ਸੀ। ਸ਼ੀ ਨੇ ਛੇ ਮੈਬਰਾਂ ਦੀ ਮੁਲਾਕਾਤ ਕਰਾਉਂਦਿਆਂ ਕਿਹਾ ਕਿ ਕਮੇਟੀ ’ਚ ਦੋ ਮੈਂਬਰ ਪੁਰਾਣੇ ਹਨ। ਇਨ੍ਹਾਂ ਮੈਂਬਰਾਂ ’ਚ ਲੀ ਕਿਆਂਗ, ਜ਼ਾਓ ਲੇਜੀ, ਵੈਂਗ ਹੁਨਿੰਗ, ਕਾਈ ਕੀ, ਡਿੰਗ ਸ਼ੁਈਸ਼ਿਆਂਗ ਅਤੇ ਲੀ ਸ਼ੀ ਸ਼ਾਮਲ ਹਨ। ਜ਼ਾਓ ਅਤੇ ਵੈਂਗ ਸ਼ੀ ਦੇ ਵਿਚਾਰਕ ਹਨ ਅਤੇ ਦੋਵੇਂ ਪਿਛਲੀ ਕਮੇਟੀ ’ਚ ਵੀ ਸ਼ਾਮਲ ਸਨ। ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੀ ਨੇ ਕਿਹਾ ਕਿ ਚੀਨ ਅਤੇ ਦੁਨੀਆ ਨੂੰ ਇਕ-ਦੂਜੇ ਦੀ ਲੋੜ ਹੈ। ਉਨ੍ਹਾਂ ਚੀਨੀ ਅਰਥਚਾਰੇ ਦੀ ਹਾਂ-ਪੱਖੀ ਤਸਵੀਰ ਵੀ ਦਿਖਾਈ। ਉਨ੍ਹਾਂ ਕਿਹਾ,‘‘ਜਿਵੇਂ ਦੁਨੀਆ ਤੋਂ ਵੱਖ ਰਹਿ ਕੇ ਚੀਨ ਵਿਕਾਸ ਨਹੀਂ ਕਰ ਸਕਦਾ, ਉਸੇ ਤਰ੍ਹਾਂ ਦੁਨੀਆ ਨੂੰ ਆਪਣੇ ਵਿਕਾਸ ਲਈ ਚੀਨ ਦੀ ਲੋੜ ਹੈ। ਚੀਨੀ ਅਰਥਚਾਰਾ ਮਜ਼ਬੂਤ ਹੈ ਅਤੇ ਲੰਬੇ ਸਮੇਂ ’ਚ ਇਹ ਹੋਰ ਤਰੱਕੀ ਕਰੇਗਾ। ਚੀਨ ਆਪਣੇ ਦਰਵਾਜ਼ੇ ਖੋਲ੍ਹੇਗਾ। ਦੁਨੀਆ ਲਈ ਚੀਨ ਹੋਰ ਕਈ ਮੌਕੇ ਪੈਦਾ ਕਰੇਗਾ।’’ ਸੀਪੀਸੀ ਦੇ ਕਾਡਰ ਲਈ ਸ਼ੀ ਨੇ ਕਿਹਾ ਕਿ ਨਵੇਂ ਯੁੱਗ ’ਚ ਸਮਾਜਵਾਦ ਵਿਕਸਤ ਕਰਨ ਲਈ ਨਵਾਂ ਅਧਿਆਏ ਲਿਖਣ ਦਾ ਸਮਾਂ ਹੈ ਅਤੇ ਚੀਨੀ ਸੰਦਰਭ ’ਚ ਮਾਰਕਸਵਾਦ ਅਪਣਾਉਣ ਲਈ ਇਤਿਹਾਸਕ ਕਦਮ ਉਠਾਉਣ ਦੀ ਲੋੜ ਹੈ। -ਪੀਟੀਆਈ