ਪੇਈਚਿੰਗ, 30 ਜੁਲਾਈ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਅਸਥਿਰਤਾ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਹਥਿਆਰਬੰਦ ਸੈਨਾਵਾਂ ’ਤੇ ਆਪਣੀ ‘ਮੁਕੰਮਲ ਅਗਵਾਈ’ ਨੂੰ ਯਕੀਨੀ ਬਣਾਉਣ ਲਈ ਚੀਨੀ ਫੌਜ ਦੀ ਅਗਵਾਈ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਫ਼ਾਦਾਰ ਲੋਕਾਂ ਨੂੰ ਕਰਨੀ ਚਾਹੀਦੀ ਹੈ। ਇਸੇ ਦੌਰਾਨ ਚੀਨ ਨੇ ਤਾਇਨਾਤ ਨੇਡੇ ਫੌਜੀ ਮਸ਼ਕ ਦਾ ਐਲਾਨ ਕੀਤਾ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਫੌਜੀ ਵਿੰਗ, ਪੀਪਲਜ਼ ਲਬਿਰੇਸ਼ਨ ਆਰਮੀ, ਫੁਜੀਆਨ ਸੂਬੇ ਦੇ ਪਿੰਗਟਨ ਟਾਪੂ ਨੇੜੇ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ‘ਲਾਈਵ-ਫਾਇਰ ਅਭਿਆਸ‘ ਕਰ ਰਹੀ ਹੈ। ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਨੇ ਬੇੜਿਆਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਅਜਿਹੇ ਅਭਿਆਸਾਂ ਵਿੱਚ ਆਮ ਤੌਰ ‘ਤੇ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਚੀਨ ਦਾ ਕਹਿਣਾ ਹੈ ਕਿ ਤਾਇਵਾਨ ਨੂੰ ਵਿਦੇਸ਼ੀ ਸਬੰਧ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ-ਏਜੰਸੀ