ਪੇਈਚਿੰਗ, 6 ਜਨਵਰੀ
ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਇਸ ਸਾਲ ਆਪਣਾ 100ਵਾਂ ਸਥਾਪਨਾ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਵਿੱਚ ਰੁਝੀ ਹੋਈ ਹੈ। ਇਸ ਦੌਰਾਨ ਉਸ ਨੇ ਆਪਣੇ 9.2 ਕਰੋੜ ਮੈਂਬਰਾਂ ਲਈ ਨਿਯਮਾਂ ਵਿੱਚ ਬਦਲਾਅ ਕਰਦਿਆਂ ਮਤਭੇਦਾਂ ਨੂੰ ਜਨਤਕ ਤੌਰ ’ਤੇ ਪ੍ਰਗਟਾਉਣ ਉਤੇ ਪਾਬੰਦੀ ਲਾ ਦਿੱਤੀ ਹੈ ਅਤੇ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੀ ਚੀਨੀ ਭਾਸ਼ਾ ਦੀ ਸੇਵਾ ਵੱਲੋਂ ਪ੍ਰਕਾਸ਼ਿਤ ਪਾਰਟੀ ਦੇ ਸੋਧੇ ਹੋਏ ਨਿਯਮਾਂ ਤਹਿਤ, ਜੇਕਰ ਪਾਰਟੀ ਦੇ ਆਗੂ ਅਯੋਗ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰਨ ਦਾ ਪਾਰਟੀ ਕਾਰਕੁਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ। ਮਾਓ-ਜ਼ੇ-ਤੁੰਗ ਵੱਲੋਂ 1921 ਵਿੱਚ ਸਥਾਪਤ ਪਾਰਟੀ ਆਫ ਚਾਈਨਾ (ਸੀਪੀਸੀ) 1949 ਵਿੱਚ ਸੱਤਾ ਵਿੱਚ ਆਈ ਸੀ। ਉਹ ਇਸ ਸਾਲ ਜੁਲਾਈ ਵਿੱਚ ਆਪਣੀ ਸ਼ਤਾਬਦੀ ਵਰ੍ਹੇਗੰਢ ਮਨਾਉਣ ਦੀ ਯੋਜਨਾ ਬਣਾ ਰਹੀ ਹੈ। ਸੀਪੀਸੀ ਇੱਕ ਪਾਰਟੀ ਪ੍ਰਣਾਲੀ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਸੱਤਾ ਵਿੱਚ ਟਿਕੇ ਰਹਿਣ ਵਾਲੀ ਮਾਰਕਸਵਾਦੀ ਪਾਰਟੀ ਹੈ। ਨਵੇਂ ਨਿਯਮ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਾਰਟੀ ਆਪਣੇ ਰੈਂਕ ਵਿੱਚ ਕਿਸੇ ਦੇ ਮੱਤਭੇਦ ਨੂੰ ਬਰਦਾਸ਼ਤ ਨਹੀਂ ਕਰੇਗੀ, ਖ਼ਾਸ ਕਰਕੇ ਜੇਕਰ ਜਨਤਕ ਤੌਰ ’ਤੇ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ। -ਪੀਟੀਆਈ