ਤੈਪੇਈ, 19 ਨਵੰਬਰ
ਤਾਇਵਾਨ ਨੇ ਅੱਜ ਕਿਹਾ ਕਿ ਚੀਨ ਦੇ ਨੌਂ ਲੜਾਕੂ ਜਹਾਜ਼ਾਂ ਨੇ ਉਸ ਦੇ ਸੰਵੇਦਨਸ਼ੀਲ ਸਮੁੰਦਰੀ ਖੇਤਰ ਵਿਚ ਉਡਾਣ ਭਰੀ ਹੈ। ਉਨ੍ਹਾਂ ਕਿਹਾ ਕਿ ਚੀਨੀ ਸਮੁੰਦਰੀ ਜਹਾਜ਼ ‘ਜੰਗੀ ਤਿਆਰੀਆਂ’ ਦਾ ਅਭਿਆਸ ਕਰ ਰਹੇ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਅੱਜ ਸਵੇਰੇ ਨੌਂ ਚੀਨੀ ਲੜਾਕੂ ਜਹਾਜ਼ਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਤਾਇਵਾਨ ਦੇ ਸਮੁੰਦਰੀ ਖੇਤਰ ਦੀ ਹੱਦ ਉਲੰਘੀ ਹੈ। ਉਡਾਣ ਭਰਨ ਵਾਲੇ ਜਹਾਜ਼ਾਂ ਵਿਚ ਸੁਖੋਈ-30 ਤੇ ਜੇ-10 ਜਹਾਜ਼ ਸ਼ਾਮਲ ਹਨ। ਲੜਾਕੂ ਜਹਾਜ਼ਾਂ ਦੇ ਨਾਲ ਚੀਨੀ ਜੰਗੀ ਬੇੜੇ ਵੀ ਗਸ਼ਤ ਕਰਦੇ ਦੇਖੇ ਗਏ ਹਨ। ਤਾਇਵਾਨ ਨੇ ਇਸ ਗਤੀਵਿਧੀ ਦੀ ਨਿਗਰਾਨੀ ਲਈ ਆਪਣੇ ਬਲਾਂ ਨੂੰ ਭੇਜਿਆ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਇਸ ਮਾਮਲੇ ਉਤੇ ਕੋਈ ਟਿੱਪਣੀ ਨਹੀਂ ਕੀਤੀ। ਪਿਛਲੇ ਹਫ਼ਤੇ ਸ਼ੀ ਨੇ ਬਾਇਡਨ ਨੂੰ ਕਿਹਾ ਸੀ ਕਿ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਤਾਇਵਾਨ ਸਭ ਤੋਂ ਖ਼ਤਰਨਾਕ ਤੇ ਵੱਡਾ ਮੁੱਦਾ ਹੈ। -ਰਾਇਟਰਜ਼