ਪੇਈਚਿੰਗ, 8 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀਰਵਾਰ ਨੂੰ ਹੋਣ ਵਾਲੇ 13ਵੇਂ ਬਰਿਕਸ ਸੰਮੇਲਨ ਵਿੱਚ ਵਰਚੁਅਲੀ ਹਿੱਸਾ ਲੈਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇਹ ਐਲਾਨ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਤੋਂ ਪਹਿਲਾਂ ਦਿੱਲੀ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੇ ਆਗੂਆਂ ਨਾਲ ਵਰਚੁਅਲੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਬਰਿਕਸ ਦੀ ਇਸ ਸਾਲ ਪ੍ਰਧਾਨਗੀ ਭਾਰਤ ਕੋਲ ਹੈ। ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਦੱਖਣੀ ਅਫਰੀਕੀ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਅਤੇ ਬ੍ਰਾਜ਼ੀਲ ਦੇ ਜੇ ਬੋਲਸੋਨਾਰੋ ਵੀ ਹਿੱਸਾ ਲੈਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੂਆ ਚੁਨਯਿੰਗ ਨੇ ਇੱਥੇ ਐਲਾਨ ਕੀਤਾ ਕਿ ਰਾਸ਼ਟਰਪਤੀ ਸ਼ੀ ਵੀਰਵਾਰ ਨੂੰ 13ਵੇਂ ਬਰਿਕਸ ਸੰਮੇਲਨ ਵਿੱਚ ਵੀਡੀਓ ਲਿੰਕ ਰਾਹੀਂ ਹਿੱਸਾ ਲੈਣਗੇ। ਇਸ ਸੰਮੇਲਨ ਦਾ ਵਿਸ਼ਾ ‘ਨਿਰੰਤਰਤਾ, ਏਕੀਕਰਨ ਅਤੇ ਆਮ ਸਹਿਮਤੀ ਦੇ ਲਈ ਅੰਤਰ-ਬਰਿਕਸ ਸਹਿਯੋਗ’ ਹੋਵੇਗਾ। -ਪੀਟੀਆਈ