ਕਾਠਮੰਡੂ, 26 ਜੂਨ
ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਹੈਜ਼ਾ ਫੈਲ ਗਿਆ ਹੈ। ਹੈਜ਼ੇ ਤੋਂ ਪੀੜਤ ਕਈ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਵੱਲੋਂ ਬਿਮਾਰੀ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਇਲਾਕਿਆਂ ’ਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈਲਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਪਰ ਸਿਹਤ ਅਧਿਕਾਰੀ ਅਜੇ ਇਸ ਤੋਂ ਅਣਜਾਣ ਹਨ। ਕਾਠਮੰਡੂ ਦੇ ਨਾਲ ਲਗਦੇ ਲਲਿਤਪੁਰ ’ਚ ਗੋਲਗੱਪੇ ਅਤੇ ਚਾਟ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲਲਿਤਪੁਰ ਮੈਟਰੋਪਾਲਿਟਨ ਸਿਟੀ ਨੇ ਕਿਹਾ ਕਿ ਗੋਲਗੱਪਿਆਂ ਦੇ ਪਾਣੀ ’ਚ ਹੈਜ਼ੇ ਦੇ ਬੈਕਟੀਰੀਆ ਮਿਲੇ ਹਨ। ਪੁਲੀਸ ਇਹ ਯਕੀਨੀ ਬਣਾ ਰਹੀ ਹੈ ਕਿ ਗੋਲਗੱਪੇ ਨਾ ਵੇਚੇ ਜਾਣ।
ਸੜਕਾਂ ਦੇ ਕੱਢੇ ’ਤੇ ਗੋਲਗੱਪਿਆਂ ਦੀਆਂ ਰੇਹੜੀਆਂ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਗੋਲਗੱਪੇ ਖਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਠਮੰਡੂ ਵਾਦੀ ’ਚ ਵੀ ਹੈਜ਼ਾ ਫੈਲ ਸਕਦਾ ਹੈ। ਪੁਲੀਸ ਮੁਖੀ ਸੀਤਾਰਾਮ ਨੇ ਕਿਹਾ ਕਿ ਲੋਕਾਂ ਨੂੰ ਹੈਜ਼ੇ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। -ਆਈਏਐਨਐਸ