ਸੰਯੁਕਤ ਰਾਸ਼ਟਰ, 17 ਜੂਨ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਸਾਲ 2021 ਵਿਚ ਜਲਵਾਯੂ ਤਬਦੀਲੀ ਤੇ ਆਫ਼ਤਾਂ ਕਾਰਨ ਭਾਰਤ ਵਿਚ ਕਰੀਬ 50 ਲੱਖ ਲੋਕਾਂ ਨੂੰ ਦੇਸ਼ ਵਿਚ ਹੀ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਣਾ ਪਿਆ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀ ਸਾਲਾਨਾ ਰਿਪੋਰਟ ਮੁਤਾਬਕ ਪਿਛਲੇ ਸਾਲ ਹਿੰਸਾ, ਮਨੁੱਖੀ ਹੱਕਾਂ ਦੇ ਘਾਣ, ਖਾਧ ਸੁਰੱਖਿਆ, ਜਲਵਾਯੂ ਸੰਕਟ, ਯੂਕਰੇਨ ਵਿਚ ਜੰਗ ਤੇ ਅਫ਼ਰੀਕਾ ਤੋਂ ਅਫ਼ਗਾਨਿਸਤਾਨ ਤੱਕ ਹੋਰਨਾਂ ਹੰਗਾਮੀ ਸਥਿਤੀਆਂ ਕਾਰਨ ਵਿਸ਼ਵ ਪੱਧਰ ’ਤੇ 10 ਕਰੋੜ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021 ਵਿਚ ਆਫ਼ਤਾਂ ਕਾਰਨ ਵਿਸ਼ਵ ਵਿਚ 2.37 ਕਰੋੜ ਲੋਕ ਆਪਣੇ ਹੀ ਦੇਸ਼ ਵਿਚ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਇਹ ਗਿਣਤੀ ਇਸ ਤੋਂ ਪਿਛਲੇ ਸਾਲ ਦੀ ਤੁਲਨਾ ਵਿਚ 70 ਲੱਖ ਜਾਂ 23 ਪ੍ਰਤੀਸ਼ਤ ਘੱਟ ਹੈ। ਇਹ ਮਾਮਲੇ ਸੰਘਰਸ਼ ਜਾਂ ਹਿੰਸਾ ਦੇ ਕਾਰਨ ਦੇਸ਼ ਵਿਚ ਹੀ ਹੋਰ ਥਾਵਾਂ ਉਤੇ ਜਾਣ ਵਾਲੇ ਲੋਕਾਂ ਤੋਂ ਵੱਖ ਹਨ। ਰਿਪੋਰਟ ਮੁਤਾਬਕ ਆਫ਼ਤਾਂ ਕਾਰਨ ਚੀਨ ਵਿਚ ਸਭ ਤੋਂ ਵੱਧ 60 ਲੱਖ ਲੋਕ, ਫਿਲਪੀਨਜ਼ ਦੇ 57 ਲੱਖ ਤੇ ਭਾਰਤ ਵਿਚ 49 ਲੱਖ ਲੋਕਾਂ ਨੂੰ ਹੋਰ ਥਾਵਾਂ ਉਤੇ ਜਾਣਾ ਪਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਲੋਕਾਂ ਨੇ ਆਫ਼ਤਾਂ ਕਾਰਨ ਅਸਥਾਈ ਤੌਰ ਉਤੇ ਹੀ ਘਰ ਛੱਡੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਹੀ ਹੋਰ ਥਾਵਾਂ ਉਤੇ ਗਏ ਜ਼ਿਆਦਾਤਰ ਲੋਕ ਆਪਣੇ ਜੱਦੀ ਖੇਤਰਾਂ ਵਿਚ ਪਰਤ ਆਏ ਹਨ। -ਪੀਟੀਆਈ