ਬੋਗੋਟਾ (ਕੋਲੰਬੀਆ), 20 ਜੂਨ
ਕੋਲੰਬੀਆ ਵਿੱਚ ਖੱਬੇ ਪੱਖੀ ਆਗੂ ਗੁਸਤਾਵੋ ਪੈਟਰੋ ਨੇ ਦੇਸ਼ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਅਰਬਪਤੀ ਰੀਅਲ ਅਸਟੇਟ ਕਾਰੋਬਾਰੀ ਰੋਡੌਲਫੋ ਹਰਨਾਂਡੇਜ਼ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਜਿੱਤ ਦਰਜ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਕੋਲੰਬੀਆ ਦੇ ਲੋਕਾਂ ਨੇ ਦੇਸ਼ ਦੇ ਰਵਾਇਤੀ ਸਿਆਸਤਦਾਨਾਂ ਨੂੰ ਛੱਡ ਕੇ ਕਿਸੇ ਖੱਬੇ ਪੱਖੀ ਆਗੂ ਨੂੰ ਰਾਸ਼ਟਰਪਤੀ ਚੁਣਿਆ ਹੈ।
ਚੋਣ ਅਧਿਕਾਰੀਆਂ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਤੀਜੀ ਕੋਸ਼ਿਸ਼ ਵਿੱਚ ਪੈਟਰੋ ਨੂੰ ਐਤਵਾਰ ਨੂੰ 50.48 ਫ਼ੀਸਦ ਜਦਕਿ ਉਨ੍ਹਾਂ ਦੇ ਵਿਰੋਧੀ ਅਤੇ ਅਰਬਪਤੀ ਰੀਅਲ ਅਸਟੇਟ ਕਾਰੋਬਾਰੀ ਰੋਡੌਲਫੋ ਹਰਨਾਂਡੇਜ਼ ਨੂੰ 47.26 ਫ਼ੀਸਦ ਵੋਟਾਂ ਮਿਲੀਆਂ। ਇਹ ਚੋਣਾਂ ਅਜਿਹੇ ਸਮੇਂ ਵਿੱਚ ਹੋਈਆਂ ਹਨ ਜਦੋਂ ਕੋਲੰਬੀਆ ਵਧਦੀ ਅਸਮਾਨਤਾ, ਮਹਿੰਗਾਈ ਅਤੇ ਹਿੰਸਾ ਨਾਲ ਜੂਝ ਰਿਹਾ ਹੈ। ਲਾਤੀਨੀ ਅਮਰੀਕਾ ਦੇ ਇਸ ਤੀਜੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਪੈਟਰੋ ਦੀ ਜਿੱਤ ਹਰਨਾਂਡੇਜ਼ ਦੀ ਹਾਰ ਨਾਲੋਂ ਕਿਤੇ ਵੱਧ ਮਾਇਨੇ ਰੱਖਦੀ ਹੈ। ਪੈਟਰੋ ਦੀ ਇਸ ਜਿੱਤ ਨੇ ਦੇਸ਼ ਦੀ ਅੱਧ ਸਦੀ ਦੇ ਹਥਿਆਬੰਦ ਸੰਘਰਸ਼ ਵਿੱਚ ਖੱਬੀਆਂ ਧਿਰਾਂ ਦੇ ਕਥਿਤ ਸਹਿਯੋਗ ਸਬੰਧੀ ਧਾਰਨਾ ਨੂੰ ਵੀ ਤੋੜਿਆ ਹੈ।
ਨਵੇਂ ਚੁਣੇ ਗਏ ਰਾਸ਼ਟਰਪਤੀ ਹੁਣ ਖ਼ਤਮ ਹੋ ਚੁੱਕੇ ‘ਐੱਮ-19’ ਅੰਦੋਲਨ ਵਿੱਚ ਸ਼ਾਮਲ ਰਹੇ ਸਨ ਅਤੇ ਸਮੂਹ ਦੇ ਨਾਲ ਭਾਗੀਦਾਰੀ ਦੇ ਦੋਸ਼ ਹੇਠ ਜੇਲ੍ਹ ਦੀ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਮੁਆਫ਼ੀ ਦਿੱਤੀ ਗਈ ਸੀ। ਉਨ੍ਹਾਂ ਨੇ ਐਤਵਾਰ ਰਾਤ ਨੂੰ ਆਪਣੇ ਜੇਤੂ ਸੰਬੋਧਨ ਦੌਰਾਨ ਇਕਜੁੱਟਤਾ ਦੀ ਅਪੀਲ ਕੀਤੀ ਆਪਣੇ ਕੁਝ ਆਲੋਚਕਾਂ ਲਈ ਕਿਹਾ ਕਿ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਦਾ ਰਾਸ਼ਟਰਪਤੀ ਮਹਿਲ ਵਿੱਚ ‘‘ਕੋਲੰਬੀਆ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਨ ਲਈ’’ ਸਵਾਗਤ ਕੀਤਾ ਜਾਵੇਗਾ। -ਏਪੀ