ਹਰਜੀਤ ਲਸਾੜਾ
ਬ੍ਰਿਸਬੇਨ, 5 ਜਨਵਰੀ
ਕੋਵਿਡ-19 ਦੇ ਨਵੇਂ ਰੂਪ ਅਤੇ ਆਸਟ੍ਰੇਲਿਆਈ ਤੱਟਾਂ ’ਤੇ ਇਸ ਨਵੀਂ ਲਾਗ ਦੀ ਦਸਤਕ ਕਾਰਨ ਸਰਕਾਰ ਨੇ ਸੂਬਾ ਵਿਕਟੋਰੀਆ ਤੋਂ ਪਰਤ ਰਹੇ ਕੁਈਨਜ਼ਲੈਂਡ ਦੇ ਲੋਕਾਂ ਨੂੰ ਕਰੋਨਾਵਾਇਰਸ ਟੈਸਟ ਕਰਵਾਉਣ ਲਈ ਕਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਜੇਕਰ ਕੋਈ 21 ਦਸੰਬਰ ਜਾਂ ਉਸ ਤੋਂ ਬਾਅਦ ਵਿਕਟੋਰੀਆ ਵਿੱਚ ਰਿਹਾ ਹੈ ਅਤੇ ਸੂਬਾ ਕੁਈਨਜ਼ਲੈਂਡ ਆ ਰਿਹਾ ਹੈ ਤਾਂ ਉਸ ਲਈ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੈ। ਵਿਭਾਗ ਵੱਲੋਂ ਟੈਸਟ ਦਾ ਨਤੀਜਾ ਆਉਣ ਤੱਕ ਸਬੰਧਤ ਵਿਅਕਤੀ ਨੂੰ ਘਰ ਵਿੱਚ ਹੀ ਅਲੱਗ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਵਿਭਾਗੀ ਚਿਤਾਵਨੀ ਤੋਂ ਬਾਅਦ ਸੈਂਕੜੇ ਕੁਈਨਜ਼ਲੈਂਡ ਵਾਸੀਆਂ ਨੇ ਬ੍ਰਿਸਬੇਨ ਅਤੇ ਗੋਲਡ ਕੋਸਟ ਸ਼ਹਿਰ ਵਿੱਚ ਸਖ਼ਤ ਗਰਮੀ ’ਚ ਟੈਸਟਿੰਗ ਕਲੀਨਿਕਾਂ ਦੇ ਬਾਹਰ ਲੰਬੀਆਂ ਕਤਾਰਾਂ ਲਗਾਉਂਦਿਆਂ ਘੰਟਿਆਂਬੱਧੀ ਇੰਤਜ਼ਾਰ ਤੋਂ ਬਾਅਦ ਕੋਵਿਡ -19 ਟੈਸਟ ਕਰਵਾਏ। ਮੁੱਖ ਸਿਹਤ ਅਫ਼ਸਰ ਡਾ. ਜੀਨੈੱਟ ਯੰਗ ਨੇ ਕਿਹਾ ਕਿ ਸਿਹਤ ਅਧਿਕਾਰੀ ਕਰੋਨਾ ਟੈਸਟ ਦੀ ਮੰਗ ਪੂਰੀ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਕਲੀਨਿਕ ਖੋਲ੍ਹਣ ਲਈ ਤਤਪਰ ਹਨ। ਸੂਬੇ ਵਿੱਚ ਇਸ ਸਮੇਂ ਕਰੋਨਾਵਾਇਰਸ ਦੇ 17 ਸਰਗਰਮ ਮਾਮਲੇ ਹਨ। ਬੀਤੇ 24 ਘੰਟਿਆਂ ਵਿੱਚ ਕੁਈਨਜ਼ਲੈਂਡ ਵਿੱਚ 6,296 ਟੈਸਟ ਕੀਤੇ ਗਏ ਹਨ। ਗੌਰਤਲਬ ਹੈ ਕਿ ਕਰੋਨਾ ਦੇ ਸਾਰੇ ਮਾਮਲੇ ਵਿਦੇਸ਼ਾਂ ਤੋਂ ਆਏ ਹਨ ਅਤੇ ਸਬੰਧਤ ਮਰੀਜ਼ਾਂ ਨੂੰ ਹੋਟਲ ’ਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।