ਲੰਡਨ, 21 ਜੁਲਾਈ
ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਵੀ ਉਨ੍ਹਾਂ ਇਤਿਹਾਸਕ ਹਸਤੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਦੇ ਬੁੱਤ ਯੂਕੇ ਵਿਚ ਲਾਉਣ ਲਈ ‘ਹਿਡਨ ਹੀਰੋਜ਼’ ਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੂਰੇ ਯੂਕੇ ਵਿਚ ਅਜਿਹੇ ਯਾਦਗਾਰੀ ਬੁੱਤ ਲਾ ਕੇ ਨਸਲੀ ਭਿੰਨਤਾ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਾਜਕੁਮਾਰੀ ਸੋਫੀਆ ਜੋ ਕਿ ਮਹਾਰਾਣੀ ਵਿਕਟੋਰੀਆ ਦੀ ‘ਗੌਡਡਾਟਰ’ ਵਜੋਂ ਜਾਣੀ ਜਾਂਦੀ ਸੀ, ਨੇ ਸੰਨ 1900 ਵਿਚ ਔਰਤਾਂ ਨੂੰ ਬਰਤਾਨੀਆ ਵਿਚ ਵੋਟ ਦਾ ਹੱਕ ਦਿਵਾਉਣ ਲਈ ਤਕੜਾ ਸੰਘਰਸ਼ ਕੀਤਾ ਸੀ। ਬਰਤਾਨੀਆ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੋਫੀਆ ਦਲੀਪ ਸਿੰਘ ਦਾ ਨਾਂ ਇਸ ਮੁਹਿੰਮ ਤਹਿਤ ਵਿਚਾਰਨ ਲਈ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬਰਤਾਨੀਆ ਵਿਚ ਭਿੰਨਤਾ ਨੂੰ ਬਿਹਤਰ ਢੰਗ ਨਾਲ ਦਰਸਾਇਆ ਜਾ ਸਕੇਗਾ। ਗਿੱਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਉਨ੍ਹਾਂ ਦੇਖਿਆ ਹੈ ਕਿ ਸਾਡੇ ਮੁਲਕ ਵਿਚ ਫ਼ਿਰਕਾਪ੍ਰਸਤੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵਜੋਂ ਉਹ ਲੋਕਾਂ ਨੂੰ ਨੇੜੇ ਲਿਆਉਣਾ ਚਾਹੁੰਦੀ ਹੈ ਤੇ ਯੂਕੇ ਵਿਚ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਯੂਕੇ ਵਿਚ ਲੱਗੇ ਕੁੱਲ ਬੁੱਤਾਂ ’ਚੋਂ ਤਿੰਨ ਪ੍ਰਤੀਸ਼ਤ ਤੋਂ ਵੀ ਘੱਟ ਗ਼ੈਰ-ਸ਼ਾਹੀ ਔਰਤਾਂ ਦੇ ਹਨ, ਹੋਰਨਾਂ ਵਰਗਾਂ ਦੀ ਨੁਮਾਇੰਦਗੀ ਤਾਂ ਕਾਫ਼ੀ ਘੱਟ ਹੈ। -ਪੀਟੀਆਈ