ਕਾਠਮੰਡੂ, 28 ਮਈ
ਨੇਪਾਲ ਦੇ ਚੀਫ਼ ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਨੇ ਰਾਸ਼ਟਰਪਤੀ ਵੱਲੋੋਂ ਪ੍ਰਤੀਨਿਧੀ ਸਭਾ ਭੰਗ ਕਰਨ ਖ਼ਿਲਾਫ਼ ਦਾਇਰ 30 ਪਟੀਸ਼ਨਾਂ ’ਤੇ ਸੁਣਵਾਈ ਲਈ ਸੰਵਿਧਾਨਕ ਬੈਂਚ ਬਣਾਉਣ ਲਈ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੂੰ ਚੁਣਿਆ ਹੈ। ਮੀਡੀਆ ਵਿੱਚ ਸ਼ੁੱਕਰਵਾਰ ਨੂੰ ਆਈ ਇੱਕ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਵਿਧਾਨਕ ਮਾਮਲਿਆਂ ਸਬੰਧੀ ਵਿਵਾਦ ਨੂੰ ਹੱਲ ਕਰਨ ਲਈ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਤਜਵੀਜ਼ ਹੈ।
ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਿਫ਼ਾਰਿਸ਼ ’ਤੇ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰਨ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦੇ 22 ਮਈ ਦੇ ਫ਼ੈਸਲੇ ਖ਼ਿਲਾਫ਼ ਸੀਨੀਅਰ ਅਦਾਲਤ ਵਿੱਚ ਲਗਪਗ 30 ਪਟੀਸ਼ਨਾਂ ਦਰਜ ਕੀਤੀਆਂ ਗਈਆਂ ਹਨ। ‘ਕਾਠਮੰਡੂ ਪੋਸਟ’ ਦੀ ਖ਼ਬਰ ਮੁਤਾਬਕ, ਨਵੀਂ ਬਣਾਈ ਬੈਂਚ ਵਿੱਚ ਜਸਟਿਸ ਦੀਪਕ ਕੁਮਾਰ ਕਾਰਕੀ, ਆਨੰਦ ਮੋਹਨ ਭੱਟਾਰਾਈ, ਤੇਜ ਬਹਾਦਰ ਕੇਸੀ ਅਤੇ ਬਾਮ ਕੁਮਾਰ ਸ਼੍ਰੇਸ਼ਠ ਤੋਂ ਇਲਾਵਾ ਚੀਫ਼ ਜਸਟਿਸ ਸ਼ਾਮਲ ਹੋਣਗੇ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਆਪਣੀ ਸਰਕਾਰ ਨੂੰ ਬਚਾਉਣ ਲਈ ਲੋੜੀਂਦੀ ਹਮਾਇਤ ਜੁਟਾਉਣ ਵਿੱਚ ਨਾਕਾਮ ਰਹੇ ਸਨ। -ਪੀਟੀਆਈ