ਦੁਬਈ/ਇਸਲਾਮਾਬਾਦ, 6 ਜੂਨ
ਕਤਰ, ਇਰਾਨ ਅਤੇ ਕੁਵੈਤ ਮਗਰੋਂ ਹੁਣ ਸਾਊਦੀ ਅਰਬ ਨੇ ਵੀ ਪੈਗੰਬਰ ਮੁਹੰਮਦ ਖ਼ਿਲਾਫ਼ ਭਾਜਪਾ ਦੀ ਆਗੂ ਨੂਪੁਰ ਸ਼ਰਮਾ ਦੀ ਵਿਵਾਦਿਤ ਟਿੱਪਣੀਆਂ ਦੀ ਅੱਜ ਆਲੋਚਨਾ ਕੀਤੀ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਭਾਜਪਾ ਬੁਲਾਰੇ ਦੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਪੈਗੰਬਰ ਮੁਹੰਮਦ ਦਾ ਅਪਮਾਨ ਹੋਇਆ ਹੈ। ਉਧਰ, ਪਾਕਿਸਤਾਨ ਨੇ ਅੱਜ ਦੱਸਿਆ ਕਿ ਉਸ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਭਾਜਪਾ ਦੇ ਦੋ ਆਗੂਆਂ ਦੀਆਂ ਵਿਵਾਦਿਤ ਟਿੱਪਣੀਆਂ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਭਾਰਤੀ ਰਾਜਦੂਤ ਨੂੰ ਕਿਹਾ ਗਿਆ ਹੈ ਕਿ ਇਸ ਬਿਆਨ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਕਾਰਨ ਨਾ ਸਿਰਫ਼ ਪਾਕਿਸਤਾਨ ਦੇ ਲੋਕਾਂ, ਸਗੋਂ ਦੁਨੀਆਂ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਨਵੀਂ ਦਿੱਲੀ ਵਿੱਚ ਭਾਜਪਾ ਨੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਾਰਨ ਆਪਣੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਜਪਾ ਲੀਡਰਸ਼ਿੱਪ ਨੇ ਦਿੱਲੀ ਇਕਾਈ ਦੇ ਮੀਡੀਆ ਪ੍ਰਮੁੱਖ ਨਵੀਨ ਕੁਮਾਰ ਜਿੰਦਲ ਨੂੰ ਵੀ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਉਧਰ, ਦਿੱਲੀ ਪੁਲੀਸ ਨੇ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ਖ਼ਿਲਾਫ਼ ਉਨ੍ਹਾਂ ਦੀ ਵਿਵਾਦਿਤ ਟਿੱਪਣੀ ਕਾਰਨ ਧਮਕੀਆਂ ਮਿਲਣ ਦੀਆਂ ਸ਼ਿਕਾਇਤਾਂ ’ਤੇ ਅਣਪਛਾਤਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
-ਪੀਟੀਆਈ