ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 10 ਨਵੰਬਰ
ਕੈਨੇਡਾ ਪੁਲੀਸ ਨੇ ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਚੱਲ ਰਹੇ ਕੌਂਸੁਲਰ ਕੈਂਪ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਬਰੈਂਪਟਨ ਵਾਸੀ ਇੰਦਰਜੀਤ ਗੋਸਲ (35) ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਲ ਖੇਤਰੀ ਪੁਲੀਸ ਨੇ ਮੰਦਰ ’ਤੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੀ ਜਾਂਚ ਮਗਰੋਂ ਇਹ ਕਾਰਵਾਈ ਕੀਤੀ ਹੈ। ਪੁਲੀਸ ਨੇ ਵੱਖ ਵੱਖ ਵੀਡੀਓਜ਼ ਨੂੰ ਦੇਖ ਕੇ ਜਾਂਚ ਕੀਤੀ ਜਿਸ ਮਗਰੋਂ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਅਤੇ ਸਟਰੈਟੇਜਿਕ ਇਨਵੈਸਟੀਗੇਸ਼ਨ ਟੀਮ (ਸਿਟ) ਨੇ ਗੋਸਲ ਨੂੰ ਗ੍ਰਿਫ਼ਤਾਰ ਕਰ ਲਿਆ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਗੋਸਲ ਕੈਨੇਡਾ ਵਿਚ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਕੋਆਰਡੀਨੇਟਰ ਹੈ। ਅਮਰੀਕਾ ਅਧਾਰਿਤ ਐੱਸਐੱਫਜੇ ਉੱਤੇ ਭਾਰਤ ਵਿਚ ਪਾਬੰਦੀ ਹੈ। ਗੋਸਲ ਨੂੰ 8 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਉੱਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਲਾਂਕਿ ਮਗਰੋਂ ਉਸ ਨੂੰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਤੇ ਉਸ ਨੂੰ ਬਰੈਂਪਟਨ ਓਂਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਬੀਤੀ 3 ਨਵੰਬਰ ਨੂੰ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਸਿਟ ਕਾਇਮ ਕੀਤੀ ਗਈ ਹੈ। ਪਿਛਲੇ ਐਤਵਾਰ ਨੂੰ ਪ੍ਰਦਰਸ਼ਨਕਾਰੀ ਖਾਲਿਸਤਾਨੀ ਝੰਡੇ ਲੈ ਕੇ ਕੌਂਸੁਲਰ ਕੈਂਪ ਵਾਲੀ ਥਾਂ ਮੰਦਰ ਦੇ ਬਾਹਰ ਇਕੱਠੇ ਹੋ ਗਏ ਸਨ ਅਤੇ ਉਨ੍ਹਾਂ ਦੀ ਲੋਕਾਂ ਨਾਲ ਝੜਪ ਹੋਈ ਸੀ। ਜ਼ਿਕਰਯੋਗ ਹੈ ਕਿ ਇੰਦਰਜੀਤ ਗੋਸਲ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਰਿਹਾ ਹੈ। ਜਾਣਕਾਰੀ ਮੁਤਾਬਕ ਕੁਝ ਮਹੀਨੇ ਪਹਿਲਾਂ ਖਾਲਿਸਤਾਨ ਲਈ ਕਥਿਤ ਰਾਏਸ਼ੁਮਾਰੀ ਕਰਾਉਣ ਲਈ ਬਰੈਂਪਟਨ ’ਚ ਉਹ ਕਾਫੀ ਸਰਗਰਮ ਰਿਹਾ ਸੀ ਅਤੇ ਉਹ ਅਕਸਰ ਭੜਕਾਊ ਭਾਸ਼ਣ ਦੇਣ ਲਈ ਜਾਣਿਆ ਜਾਂਦਾ ਹੈ। ਪੀਲ ਪੁਲੀਸ ਅਨੁਸਾਰ ਜਾਂਚ ਦੌਰਾਨ ਲੋਕਾਂ ਵਲੋਂ ਸਬੂਤਾਂ ਸਮੇਤ ਭਰਵਾਂ ਸਹਿਯੋਗ ਮਿਲਣ ਲੱਗ ਪਿਆ ਹੈ ਅਤੇ ਹਿੰਸਾ ਦੇ ਮੁਲਜ਼ਮਾਂ ਦੀ ਪਛਾਣ ਕਰਨਾ ਸੌਖਾ ਹੋ ਗਿਆ ਹੈ।