ਸੰਯੁਕਤ ਰਾਸ਼ਟਰ, 5 ਜੂਨ
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਅੱਜ ਕਿਹਾ ਕਿ ਕਰੋਨਾ ਲਾਗ ਦੀ ਰੋਕਥਾਮ ਲਈ ਵਿਸ਼ਵ ਪੱਧਰ ’ਤੇ ਹੁਣ ਤੱਕ ਵੰਡੇ ਲਗਪਗ ਦੋ ਅਰਬ ਟੀਕਿਆਂ ਵਿੱਚੋਂ 60 ਫ਼ੀਸਦੀ ਟੀਕੇ ਸਿਰਫ ਤਿੰਨ ਮੁਲਕਾਂ ਭਾਰਤ, ਚੀਨ ਅਤੇ ਅਮਰੀਕਾ ਨੂੰ ਮਿਲੇ ਹਨ।
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੀਆਸਿਸ ਦੇ ਸੀਨੀਅਰ ਸਲਾਹਕਾਰ ਬਰੂਸ ਅਲਵਰਡ ਨੇ ਇਹ ਖੁਲਾਸਾ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ’ਚ ਕੀਤਾ। ਉਨ੍ਹਾਂ ਕਿਹਾ, ‘ਇਸ ਹਫ਼ਤੇ ਸਾਨੂੰ ਦੋ ਅਰਬ ਤੋਂ ਵੱਧ ਟੀਕੇ ਮਿਲਣਗੇ… ਅਸੀਂ ਟੀਕਿਆਂ ਦੀ ਗਿਣਤੀ ਅਤੇ ਨਵੇਂ ਕਰੋਨਾ ਟੀਕੇ ਦੇ ਲਿਹਾਜ਼ ਨਾਲ ਜ਼ਿਕਰਯੋਗ ਦੋ ਅਰਬ ਟੀਕਿਆਂ ਦਾ ਅੰਕੜਾ ਪਾਰ ਕਰ ਕਰ ਲਵਾਂਗੇ। ਇਨ੍ਹਾਂ ਨੂੰ 212 ਤੋਂ ਵੱਧ ਮੁਲਕਾਂ ’ਚ ਵੰਡਿਆ ਗਿਆ ਹੈ।’
ਬਰੂਸ ਨੇ ਕਿਹਾ, ‘ਜੇਕਰ ਅਸੀਂ ਦੋ ਅਰਬ ਵੱਲ ਦੇਖੀਏ ਤਾਂ 75 ਫ਼ੀਸਦੀ ਤੋਂ ਵੱਧ ਖੁਰਾਕਾਂ ਸਿਰਫ 10 ਦੇਸ਼ਾਂ ਨੂੰ ਮਿਲੀਆਂ ਹਨ। ਇੱਥੋਂ ਤੱਕ ਕਿ 60 ਫ਼ੀਸਦੀ ਟੀਕੇ ਸਿਰਫ ਤਿੰਨ ਮੁਲਕਾਂ ਚੀਨ, ਅਮਰੀਕਾ ਤੇ ਭਾਰਤ ਨੂੰ ਮਿਲੇ ਹਨ।’ ਉਨ੍ਹਾਂ ਦੱਸਿਆ ਕਿ ਕੋਵੈਕਸ ਨੇ 127 ਦੇਸ਼ਾਂ ’ਚ ਕਰੋਨਾ ਰੋਕੂ ਟੀਕੇ ਵੰਡਣ ਅਤੇ ਕਈ ਦੇਸ਼ਾਂ ’ਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਦੋ ਅਰਬ ਟੀਕਿਆਂ ਵਿੱਚੋਂ ਅਮਰੀਕਾ, ਚੀਨ ਤੇ ਭਾਰਤ ਨੂੰ ਮਿਲੇ 60 ਫ਼ੀਸਦੀ ਟੀਕਿਆਂ ਨੂੰ ‘ਘਰੇਲੂ ਤੌਰ ’ਤੇ ਖ਼ਰੀਦਿਆ ਅਤੇ ਵਰਤਿਆ ਗਿਆ।’ ਬਰੂਸ ਨੇ ਦੱਸਿਆ, ‘ਜਦਕਿ ਸਿਰਫ਼ 0.5 ਫ਼ੀਸਦੀ ਟੀਕੇ ਹੀ ਘੱਟ ਆਮਦਨ ਵਾਲੇ ਦੇਸ਼ਾਂ, ਜੋ ਕਿ ਦੁਨੀਆ ਦੀ ਆਬਾਦੀ ਦਾ 10 ਫ਼ੀਸਦੀ ਹਿੱਸਾ ਹਨ, ਨੂੰ ਮਿਲੇ ਹਨ। ਹੁਣ ਸਮੱਸਿਆ ਇਹ ਹੈ ਕਿ ਟੀਕਿਆਂ ਦੀ ਸਪਲਾਈ ’ਚ ਵਿਘਨ ਪੈ ਰਿਹਾ ਹੈ। ਭਾਰਤ ਅਤੇ ਹੋਰ ਦੇਸ਼ਾਂ ’ਚ ਸਮੱਸਿਆ ਕਾਰਨ ਵਿਘਨ ਪੈ ਰਹੇ ਹਨ। ਸਪਲਾਈ ਦੀ ਪੂਰਤੀ ਕਰਨ ’ਚ ਮੁਸ਼ਕਲ ਹੋ ਰਹੀ ਹੈ।’ ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਸੀਰਮ ਇੰਸਟੀਚਿਊਟ ਆਫ ਇੰਡੀਆ ਘੱਟੋ-ਘੱਟੋ ਚੌਥੀ ਤਿਮਾਹੀ ’ਚ ਫਿਰ ਤੋਂ ਟੀਕਿਆਂ ਦੀ ਸਪਲਾਈ ਕਰੇਗਾ।’ -ਪੀਟੀਆਈ
ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਪਰ ਪਹਿਲਾਂ ਹੋਰ ਲੋਕਾਂ ਦੇ ਟੀਕਾਕਰਨ ਦੀ ਲੋੜ
ਲੰਡਨ: ਮੌਡਰਨਾ ਅਤੇ ਫਾਈਜ਼ਰ ਮੁਤਾਬਕ ਉਨ੍ਹਾਂ ਦੇ ਕਰੋਨਾ ਤੋਂ ਬਚਾਅ ਦੇ ਟੀਕੇ ਨਾਬਾਲਗਾਂ ਨੂੰ ਲਗਾਏ ਜਾ ਸਕਦੇ ਹਨ। ਕੈਨੇਡਾ, ਅਮਰੀਕਾ ਅਤੇ ਯੂਰੋਪੀ ਯੂਨੀਅਨ ਪਹਿਲਾਂ ਹੀ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਫਾਈਜ਼ਰ ਦਾ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਚੁੱਕੇ ਹਨ। ਬ੍ਰਿਟੇਨ ਨੇ ਵੀ ਹੁਣ 12 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਫਾਈਜ਼ਰ ਦੇ ਟੀਕੇ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਪਰ ਕਈ ਕਾਰਨਾਂ ਕਰਕੇ ਬੱਚਿਆਂ ਨੂੰ ਫੌਰੀ ਟੀਕੇ ਲਾਉਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਸਕਦੇ ਹਨ। ਕੋਈ ਟੀਕਾ ਕਿਸੇ ਲਈ ਕਿੰਨਾ ਲਾਭਕਾਰੀ ਹੈ, ਇਹ ਤਿੰਨ ਗੱਲਾਂ ’ਤੇ ਨਿਰਭਰ ਕਰਦਾ ਹੈ: ਲਾਗ ਤੋਂ ਬਾਅਦ ਉਨ੍ਹਾਂ ਦੇ ਗੰਭੀਰ ਰੂਪ ਨਾਲ ਬਿਮਾਰ ਪੈਣ ਦਾ ਖ਼ਦਸ਼ਾ ਕਿੰਨਾ ਹੈ, ਟੀਕਾ ਕਿੰਨਾ ਅਸਰਦਾਰ ਹੈ ਅਤੇ ਟੀਕਾਕਰਨ ਦਾ ਜੋਖਮ ਕਿੰਨਾ ਹੈ। ਬਾਲਗਾਂ ਦੇ ਮੁਕਾਬਲੇ ਬੱਚਿਆਂ ’ਚ ਕੋਵਿਡ-19 ਘੱਟ ਗੰਭੀਰ ਹੁੰਦਾ ਹੈ। ਸੱਤ ਮੁਲਕਾਂ ’ਚ ਹੋਏ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਕੋਵਿਡ-19 ਨਾਲ ਹੋਈਆਂ 10 ਲੱਖ ਮੌਤਾਂ ’ਚੋਂ ਸਿਰਫ਼ ਦੋ ਤੋਂ ਘੱਟ ਬੱਚਿਆਂ ’ਦੀ ਮੌਤ ਹੋਈ ਹੈ। -ਪੀਟੀਆਈ