ਲੰਡਨ, 17 ਅਪਰੈਲ
ਕਰੋਨਾਵਾਇਰਸ ਬਾਰੇ ਸਕਾਟਲੈਂਡ ਸਰਕਾਰ ਦੀ ਭਾਰਤੀ ਮੂਲ ਦੀ ਸਲਾਹਕਾਰ ਨੂੰ ਲੌਕਡਾਊਨ ਦੌਰਾਨ ਕਈ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ। ‘ਦਿ ਟਾਈਮਜ਼’ ਨੂੰ ਦਿੱਤੀ ਇੰਟਰਵਿਊ ਵਿਚ ਦੇਵੀ ਸ੍ਰੀਧਰ ਨੇ ਦੱਸਿਆ ਕਿ ਉਹ ਸਰਕਾਰ ਦੇ ਸਲਾਹਕਾਰ ਬੋਰਡ ਵਿਚ ਸੀ। ਲੌਕਡਾਊਨ ਬਾਰੇ ਵੀ ਉਹ ਸਮੇਂ-ਸਮੇਂ ਸਿਫ਼ਾਰਸ਼ ਕਰਦੇ ਰਹੇ ਹਨ। ਇਸੇ ਦੌਰਾਨ ਕਿਸੇ ਨੇ ਉਸ ਨੂੰ ਚਿੱਟੇ ਰੰਗ ਦਾ ਪਾਊਡਰ ਤੇ ਵਰਤਿਆ ਹੋਇਆ ਮਾਸਕ ਡਾਕ ਰਾਹੀਂ ਭੇਜ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਸੁਰੱਖਿਆ ਲਈ ਫਿਕਰਮੰਦ ਹੋ ਗਈ ਸੀ। ਦੇਵੀ ਐਡਿਨਬਰਾ ਯੂਨੀਵਰਸਿਟੀ ਵਿਚ ਪਬਲਿਕ ਹੈਲਥ ਦੀ ਪ੍ਰੋਫੈਸਰ ਹੈ। ਪ੍ਰੋਫੈਸਰ ਨੇ ਦੱਸਿਆ ਕਿ ਉਹ ਡਰ ਗਈ ਸੀ ਹਾਲਾਂਕਿ ਪਾਊਡਰ ਵਿਚ ਕੁਝ ਖ਼ਤਰਨਾਕ ਨਹੀਂ ਸੀ। ਸ੍ਰੀਧਰ ਯੂਕੇ ਦੇ ਰੇਡੀਓ ਤੇ ਟੀਵੀ ਪ੍ਰੋਗਰਾਮਾਂ ਵਿਚ ਵੀ ਮਾਹਿਰ ਵਜੋਂ ਕਰੋਨਾ ਬਾਰੇ ਜਾਣਕਾਰੀ ਦਿੰਦੀ ਰਹੀ ਹੈ। ਦੇਵੀ ਨੇ ਦੱਸਿਆ ਕਿ ਉਸ ਨੇ ਕਈ ਵਾਰ ਇਸ ਕੰਮ ਤੋਂ ਪਾਸਾ ਵੱਟਣ ਬਾਰੇ ਸੋਚਿਆ ਪਰ ਵਿਗਿਆਨੀ ਦੇ ਤੌਰ ਉਤੇ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਵੀ ਜ਼ਰੂਰੀ ਸੀ। ਸਕਾਟਲੈਂਡ ਦੀ ਮੰਤਰੀ ਨਿਕੋਲਾ ਸਟਰਜਨ ਨੇ ਸ੍ਰੀਧਰ ਨਾਲ ਮਾੜੇ ਵਰਤਾਅ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਵੀ ਉਨ੍ਹਾਂ ਦੀ ਸਰਕਾਰ ਦੀ ਬੇਹੱਦ ਮਹੱਤਵਪੂਰਨ ਸਲਾਹਕਾਰ ਹੈ। ਸ੍ਰੀਧਰ ਇਸ ਤੋਂ ਪਹਿਲਾਂ ਇਬੋਲਾ ਵਾਇਰਸ ਉਤੇ ਵੀ ਕੰਮ ਕਰ ਚੁੱਕੀ ਹੈ। ਭਾਰਤੀ ਮੂਲ ਦੀ ਵਿਗਿਆਨੀ ਨੇ ਹੁਣ ਆਪਣੇ ਵਿਚਾਰਾਂ ਨੂੰ ਕਿਤਾਬ ਦਾ ਰੂਪ ਦਿੱਤਾ ਹੈ। -ਪੀਟੀਆਈ