ਸੰਯੁਕਤ ਰਾਸ਼ਟਰ, 27 ਮਾਰਚ
ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦੱਸਿਆ ਕਿ ਆਪਣੇ ਲੋਕਾਂ ਨੂੰ ਕੋਵਿਡ ਰੋਕੂ ਟੀਕੇ ਲਾਉਣ ਦੀ ਬਜਾਇ ਵਿਸ਼ਵ ਨੂੰ ਕਿਤੇ ਵੱਧ ਗਿਣਤੀ ’ਚ ਵੈਕਸੀਨ ਦੀ ਸਪਲਾਈ ਕੀਤੀ ਹੈ। ਭਾਰਤ ਨੇ ਸੁਚੇਤ ਕੀਤਾ ਕਿ ਟੀਕੇ ਦੀ ਉਪਲਬਧਤਾ ਵਿੱਚ ਅਸਮਾਨਤਾ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਸਮੂਹਿਕ ਆਲਮੀ ਸੰਕਲਪ ਨੂੰ ਪੂਰਾ ਕਰਨ ਦੇ ਯਤਨਾਂ ’ਚ ਅੜਿੱਕਾ ਡਾਹੇਗੀ ਕਿਉਂਕਿ ਟੀਕੇ ਤੱਕ ਪਹੁੰਚ ’ਚ ਭੇਦਭਾਵ ਗ਼ਰੀਬ ਮੁਲਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ‘ਕੋਵਿਡ- 19 ਵੈਕਸੀਨ ਤੱਕ ਬਰਾਬਰ ਦੀ ਆਲਮੀ ਪਹੁੰਚ ਸਬੰਧੀ ਰਾਜਨੀਤਕ ਐਲਾਨਨਾਮੇ’ ਦੀ ਪਹਿਲ ਕਰਨ ਵਾਲੇ ਮੁਲਕਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਪਹਿਲ ਨੂੰ 180 ਤੋਂ ਵੱਧ ਮੁਲਕਾਂ ਦਾ ਸਮਰਥਨ ਪ੍ਰਾਪਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਤੇ ਰਾਜਦੂਤ ਕੇ ਨਾਗਰਾਜ ਨਾਇਡੂ ਨੇ ਮਹਾਸਭਾ ਦੀ ਗੈਰ-ਰਸਮੀ ਮੀਟਿੰਗ ’ਚ ਕਿਹਾ ਕਿ ਕੋਵਿਡ- 19 ਅਜੇ ਵੀ ਜਾਰੀ ਹੈ ਪਰ ਸਾਲ 2021 ਇਸ ਸਕਾਰਾਤਮਕ ਸੰਕਲਪ ਨਾਲ ਸ਼ੁਰੂ ਹੋਇਆ ਕਿ ਆਲਮੀ ਵਿਗਿਆਨਕ ਭਾਈਚਾਰਾ ਮਹਾਮਾਰੀ ਨੂੰ ਰੋਕਣ ਲਈ ਵੈਕਸੀਨ ਉਪਲੱਬਧ ਕਰਵਾਏਗਾ। -ਪੀਟੀਆਈ