ਵਾਸ਼ਿੰਗਟਨ, 25 ਜੁਲਾਈ
ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਨੇ ਵੱਖ ਵੱਖ ਦੇਸ਼ਾਂ ਵੱਲੋਂ ਲੌਕਡਾਊਨ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਕਰੋਨਾਵਾਇਰਸ ਦੇ ਰੋਜ਼ਾਨਾ ਦੇ ਕੇਸਾਂ ’ਚ ਰਿਕਾਰਡ ਵਾਧਾ ਦਰਜ ਕੀਤਾ ਹੈ। ਡਬਲਯੂਐੱਚਓ ਨੇ ਕਿਹਾ ਕਿ ਲੰਘੇ ਚੌਵੀ ਘੰਟਿਆਂ ਅੰਦਰ ਦੁਨੀਆਂ ਭਰ ’ਚ ਕਰੋਨਾਵਾਇਰਸ ਦੇ 2,84,196 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 9,753 ਮਰੀਜ਼ਾਂ ਦੀ ਮੌਤ ਹੋਈ ਹੈ। ਸੰਸਥਾ ਅਨੁਸਾਰ 30 ਅਪਰੈਲ ਤੋਂ ਬਾਅਦ ਇਹ ਇੱਕ ਦਿਨ ਵਿਚਲਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ ਕੇਸਾਂ ’ਚ ਸਭ ਵੱਡਾ ਉਛਾਲ 18 ਜੁਲਾਈ (2,59,848 ਕੇਸ) ਨੂੰ ਦਰਜ ਕੀਤਾ ਗਿਆ ਸੀ। ਡਬਲਯੂਐੱਚਓ ਅਨੁਸਾਰ ਸਭ ਤੋਂ ਵੱਧ ਕੇਸ ਅਮਰੀਕਾ (69,641), ਬ੍ਰਾਜ਼ੀਲ (67,860), ਭਾਰਤ (49,310) ਅਤੇ ਦੱਖਣੀ ਅਫਰੀਕਾ (13,104) ’ਚ ਸਾਹਮਣੇ ਆਏ ਹਨ ਜਦਕਿ ਸਭ ਤੋਂ ਵੱਧ ਮੌਤਾਂ ਪੇਰੂ (3,876), ਬ੍ਰਾਜ਼ੀਲ (1,284), ਅਮਰੀਕਾ (1,074), ਮੈਕਸਿਕੋ (790) ਅਤੇ ਭਾਰਤ (740) ’ਚ ਹੋਈਆਂ ਹਨ। -ਆਈਏਐੱਨਐੱਸ