ਪੇਈਚਿੰਗ, 7 ਜੂਨ
ਕੋਵਿਡ-19 ਮਹਾਮਾਰੀ ਬਾਰੇ ਜਾਣਕਾਰੀ ਲੁਕਾਉਣ ਦੇ ਦੋਸ਼ਾਂ ’ਚ ਘਿਰੇ ਚੀਨ ਨੇ ਅੱਜ ਵ੍ਹਾਈਟ ਪੇਪਰ ਜਾਰੀ ਕਰਦਿਆਂ ਖੁ਼ਦ ਨੂੰ ਦੋਸ਼ਮੁਕਤ ਦੱਸਿਆ ਹੈ। ਚੀਨ ਨੇ ਆਪਣੀ ਸਫ਼ਾਈ ’ਚ ਕਿਹਾ ਕਿ ਵੂਹਾਨ ਵਿੱਚ ਕਰੋਨਾਵਾਇਰਸ ਪਿਛਲੇ ਸਾਲ 27 ਦਸੰਬਰ ਨੂੰ ਪਹਿਲੀ ਵਾਰ ‘ਵਾਇਰਲ ਨਿਮੋਨੀਏ’ ਵਜੋਂ ਉਹਦੀ ਨਿਗ੍ਹਾ ’ਚ ਆਇਆ ਸੀ। ਚੀਨ ਨੇ ਕਿਹਾ ਕਿ ਉਸ ਨੂੰ ਵਾਇਰਸ ਦੇ ਇਕ ਤੋਂ ਦੂਜੇ ਮਨੁੱਖ ਵਿੱਚ ਫੈਲਣ ਬਾਰੇ 19 ਜਨਵਰੀ ਨੂੰ ਪਤਾ ਲੱਗਾ ਤੇ ਉਸ ਨੇ ਇਸ ’ਤੇ ਕਾਬੂ ਪਾਉਣ ਲਈ ਫੌਰੀ ਕਾਰਵਾਈ ਪਾ ਦਿੱਤੀ। ਚੀਨ ਨੇ ਵ੍ਹਾਈਟ ਪੇਪਰ ਵਿੱਚ ਪੇਈਚਿੰਗ ’ਤੇ ਕੋਵਿਡ-19 ਮਹਾਮਾਰੀ ਬਾਰੇ ਸਮੇਂ ਸਿਰ ਨਾ ਦੱਸਣ ਤੇ ਇਸ ਸਾਰੇ ਕੁਝ ’ਤੇ ਪਰਦਾ ਪਾਊਣ ਦੇ ਲੱਗ ਰਹੇ ਦੋਸ਼ਾਂ ਬਾਰੇ ਤਫ਼ਸੀਲ ’ਚ ਸਪਸ਼ਟੀਕਰਨ ਦਿੱਤਾ ਹੈ। ਵ੍ਹਾਈਟ ਪੇਪਰ ਵਿੱਚ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਤੇ ਖਾਸ ਕਰਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਕੀਤੇ ਯਤਨਾਂ ਨੂੰ ਦੇਸ਼ ਲਈ ਰਣਨੀਤਕ ਪ੍ਰਾਪਤੀ ਦੱਸਦਿਆਂ ਵਡਿਆਇਆ ਗਿਆ ਹੈ।
ਵ੍ਹਾਈਟ ਪੇਪਰ ਮੁਤਾਬਕ ਵੂਹਾਨ ਦੇ ਇਕ ਹਸਪਤਾਲ ’ਚ 27 ਦਸੰਬਰ ਨੂੰ ਕੋਵਿਡ-19 ਦੀ ਪਛਾਣ ਹੋਣ ਮਗਰੋਂ ਮੁਕਾਮੀ ਸਰਕਾਰ ਨੇ ਮਾਹਿਰਾਂ ਨੂੰ ਸੱਦ ਕੇ ਮਰੀਜ਼ਾਂ ਦੀ ਹਾਲਤ ਤੇ ਨਮੂਨਿਆਂ ਦੀ ਨਤੀਜਿਆਂ ਬਾਰੇ ਸਮੀਖਿਆ ਕਰਵਾਈ ਸੀ। ਮਾਹਿਰਾਂ ਨੇ ਐਪੀਡੈਮੀਲੋਜੀਕਲ ਜਾਂਚ ਤੇ ਸ਼ੁਰੂਆਤੀ ਲੈਬਾਰਟਰੀ ਟੈਸਟਾਂ ਦੇ ਨਤੀਜਿਆਂ ਤੋਂ ਸਿੱਟਾ ਕੱਢਦਿਆਂ ਇਸ ਨੂੰ ਵਾਇਰਲ ਨਿਮੋਨੀਆ ਦੇ ਕੇਸ ਦੱਸਿਆ ਸੀ। ਨੈਸ਼ਨਲ ਹੈੱਲਥ ਕਮਿਸ਼ਨ (ਐੱਨਐੱਚਸੀ) ਵੱਲੋਂ ਗਠਿਤ ਉੱਚ ਪੱਧਰੀ ਮਾਹਿਰਾਂ ਦੀ ਟੀਮ ’ਚ ਸ਼ਾਮਲ ਖੋਜਾਰਥੀਆਂ ਨੇ ਪਹਿਲੀ ਵਾਰ 19 ਜਨਵਰੀ ਨੂੰ ਵਾਇਰਸ ਦੇ ਇਕ ਤੋਂ ਦੂਜੇ ਮਨੁੱਖ ’ਚ ਫੈਲਣ ਦੀ ਪੁਸ਼ਟੀ ਕੀਤੀ। ਸਾਹ ਰੋਗਾਂ ਦੇ ਮਾਹਿਰ ਵੈਂਗ ਗੁਆਂਗਫਾ ਨੇ ਕਿਹਾ ਕਿ 19 ਜਨਵਰੀ ਤੋਂ ਪਹਿਲਾਂ ਉਨ੍ਹਾਂ ਕੋਲ ਇਸ ਤੱਥ ਬਾਰੇ ਲੋੜੀਂਦੇ ਸਬੂਤ ਨਹੀਂ ਸਨ। ਵੈਂਗ ਨੇ ਕਿਹਾ ਕਿ ਸ਼ੱਕ ਸੀ ਕਿ ਚਮਗਿੱਦੜ ਤੇ ਪੈਂਗੋਲੀਅਨ (ਕੀੜੇ ਖਾਣ ਵਾਲਾ ਜਾਨਵਰ) ਵਾਇਰਸ ਦੇ ਫੈਲਾਅ ਦਾ ਸਰੋਤ ਹੋ ਸਕਦੇ ਹਨ, ਪਰ ਇਥੇ ਵੀ ਸਬੂਤਾਂ ਦੀ ਘਾਟ ਸੀ। ਵ੍ਹਾਈਟ ਪੇਪਰ ਮੁਤਾਬਕ ਐੱਨਐੱਚਸੀ ਨੇ 14 ਜਨਵਰੀ ਨੂੰ ਵੂਹਾਨ ਤੇ ਪੂਰੇ ਹੂਬੇਈ ਸੂਬੇ ਨੂੰ ਵਾਇਰਸ ਦੇ ਟਾਕਰੇ ਲਈ ਆਪਣੀ ਤਿਆਰੀਆਂ ਤੇਜ਼ ਕਰਦਿਆਂ ਫੌਰੀ ਐਟੀਓਲੋਜੀਕਲ ਤੇ ਐਪੀਡੈਮੀਓਲੋਜੀਕਲ ਜਾਂਚ ਲਈ ਆਖ ਦਿੱਤਾ ਸੀ। ਚੀਨ ਨੇ ਦਾਅਵਾ ਕੀਤਾ ਕਿ ਉਸ ਨੇ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਤੇ ਅਮਰੀਕਾ ਸਮੇਤ ਹੋਰਨਾਂ ਮੁਲਕਾਂ ਨੂੰ ਮੌਜੂਦਾ ਹਾਲਾਤ ਬਾਰੇ ਸਮੇਂ ਸਿਰ ਸੂਚਿਤ ਕਰਨ ਦੇ ਨਾਲ ਨੋਵੇਲ ਕਰੋਨਾਵਾਇਰਸ ਦਾ ਜੀਨੋਮ ਸੀਕੁਐਂਸ ਜਾਰੀ ਕਰ ਦਿੱਤਾ ਸੀ। -ਪੀਟੀਆਈ