ਵਾਸ਼ਿੰਗਟਨ, 11 ਅਗਸਤ
ਇੱਕ ਅਧਿਐਨ ਮੁਤਾਬਕ ਕੋਵਿਡ- 19 ਸਿੱਧੇ ਤੌਰ ’ਤੇ ਸੁਆਦ ਚੱਖਣ ਦੀ ਸਮਰੱਥਾ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਕਿ ਇਸ ਬਿਮਾਰੀ ਕਾਰਨ ਪੈਦਾ ਹੋਈ ਸੋਜ ਕਾਰਨ ਅਸਿੱਧੇ ਤੌਰ ’ਤੇ ਇਹ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਜਰਨਲ ‘ਏਸੀਐੱਸ ਫਾਰਮਾਕੋਲੋਜੀ ਐਂਡ ਟਰਾਂਜੇਸ਼ਨਲ ਸਾਇੰਸ’ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਤੱਥ ਇਸ ਤੋਂ ਪਹਿਲਾਂ ਹੋਏ ਅਧਿਐਨਾਂ ਨਾਲੋਂ ਵੱਖਰੇ ਹਨ, ਜਿਨ੍ਹਾਂ ਮੁਤਾਬਕ ਵਾਇਰਸ ਰਾਹੀਂ ਸਿੱਧੇ ਤੌਰ ’ਤੇ ਨੁਕਸਾਨ ਪੁੱਜ ਸਕਦਾ ਹੈ। ਕੋਵਿਡ- 19 ਦੇ ਲਗਾਤਾਰ ਵਧ ਰਹੇ ਮਰੀਜ਼ਾਂ ਨੇ ਸੁੰਘਣ ਜਾਂ ਸੁਆਦ ਚੱਖਣ ਦੀ ਸਮਰੱਥਾ ਪ੍ਰਭਾਵਿਤ ਹੋਣ ਬਾਰੇ ਦੱਸਿਆ ਹੈ, ਜਿਸਨੂੰ ਹੁਣ ਅਧਿਐਨਕਰਤਾ ਕੋਵਿਡ -19 ਦੇ ਲੱਛਣਾਂ ’ਚ ਸ਼ੁਮਾਰ ਕਰਨ ਬਾਰੇ ਸੋਚਣ ਲੱਗੇ ਹਨ। ਅਮਰੀਕਾ ’ਚ ਯੂਨੀਵਰਸਿਟੀ ਆਫ਼ ਜੌਰਜੀਆ ਦੇ ਐਸੋਸੀਏਟ ਪ੍ਰੋਫੈਸਰ ਹੌਂਗਜੇਆਂਗ ਲਿਊ ਨੇ ਕਿਹਾ,‘ਸਭ ਤੋਂ ਵੱਧ ਚਿੰਤਾਜਨਕ ਗੱਲ ਕਰੋਨਾ ਮਰੀਜ਼ਾਂ ਵੱਲੋਂ ਕਾਫ਼ੀ ਸਮੇਂ ਬਾਅਦ ਤੇ ਕਈ ਵਾਰ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਤੁਰੰਤ ਬਾਅਦ ਸੁਆਦ ਚੱਖਣ ਦੀ ਸਮਰੱਥਾ ਨੂੰ ਨੁਕਸਾਨ ਪੁੱਜਣਾ ਹੈ।’
-ਪੀਟੀਆਈ
ਮਾਊਥਵਾਸ਼ ਨਾਲ ਗਰਾਰੇ ਕਰਨ ਨਾਲ ਘਟ ਸਕਦੈ ਕੋਵਿਡ- 19 ਦਾ ਖ਼ਤਰਾ
ਬਰਲਿਨ: ਇੱਕ ਅਧਿਐਨ ਮੁਤਾਬਕ ਮਾਊਥਵਾਸ਼ਾਂ ਨਾਲ ਗਰਾਰੇ ਕਰਨ ਨਾਲ ਮੂੰਹ ਤੇ ਗਲੇ ਵਿੱਚ ਇਸ ਵਾਇਰਸ ਦੇ ਅੰਸ਼ਾਂ ਦੀ ਮਾਤਰਾ ਘਟ ਜਾਂਦੀ ਹੈ, ਜਿਸ ਨਾਲ ਕੋਵਿਡ- 19 ਦੇ ਫੈਲਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਹਾਲਾਂਕਿ ‘ਜਰਨਲ ਆਫ਼ ਇਨਫੈਕਸ਼ੀਅਸ ਡਿਸੀਜ਼’ ਵਿੱਚ ਛਪੇ ਅਧਿਐਨ ਮੁਤਾਬਕ ਮਾਊਥਵਾਸ਼ ਕਰੋਨਾਵਾਇਰਸ ਸੰਕਰਮਣ ਦਾ ਇਲਾਜ ਕਰਨ ਲਈ ਉਪਯੋਗੀ ਨਹੀਂ ਹਨ ਜਾਂ ਇਹ ਕਿਸੇ ਵਿਅਕਤੀ ਨੂੰ ਨੋਵਲ ਕਰੋਨਾਵਾਇਰਸ ਜਾਂ ਸਾਰਸ-ਕੋਵਿਡ-2 ਤੋਂ ਬਚਾਉਣ ’ਚ ਮਦਦ ਕਰ ਸਕਦੇ ਹਨ।
-ਪੀਟੀਆਈ