ਬਚਿੱਤਰ ਕੁਹਾੜ
ਐਡੀਲੇਡ, 16 ਨਵੰਬਰ
ਦੱਖਣੀ ਆਸਟਰੇਲੀਆ ਵਿੱਚ ਕੋਵਿਡ- 19 ਦੇ 17 ਨਵੇਂ ਕੇਸ ਆਉਣ ਕਾਰਨ ਦੱਖਣੀ ਆਸਟਰੇਲਿਆਈ ਸਰਕਾਰ ਨੇ ਸੂਬੇ ਵਿੱਚ ਕੋਵਿਡ- 19 ਬਾਰੇ ਜਨਤਕ ਸਿਹਤ ਚੇਤਾਵਨੀ ਜਾਰੀ ਕਰ ਦਿੱਤੀ ਹੈ।
ਸੂਬੇ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਦੱਖਣੀ ਆਸਟਰੇਲੀਆ ਤੋਂ ਸੜਕ ਰਾਹੀਂ ਪੱਛਮੀ ਆਸਟਰੇਲੀਆ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਵੈ-ਏਕਾਂਤਵਾਸ ਕਰਨ ਅਤੇ ਜਾਂਚ ਨਿਯਮਾਂ ਦੀ ਪਾਲਣਾ ਸਮੇਤ ਐਡੀਲੇਡ ਆਉਣ ਵਾਲੀਆਂ ਸਾਰੀਆਂ ਉਡਾਣਾਂ ਇਸ ਹਫ਼ਤੇ ਲਈ ਰੱਦ ਕਰਨ ਲਈ ਕਿਹਾ ਹੈ।
ਕਰੋਨਾ ਲਾਗ ਫੈਲਣ ਦੇ ਆਸਾਰ ਵਧੇ
ਐਡੀਲੇਡ: ਬੀਤੀ 14 ਨਵੰਬਰ ਨੂੰ ਕੁਝ ਭਾਰਤੀ ਗਰੌਸਰੀ ਸਟੋਰਾਂ ’ਤੇ ਕਰੋਨਾ ਲਾਗ ਦੇ ਮਰੀਜ਼ਾਂ ਵੱਲੋਂ ਸ਼ਿਰਕਤ ਕਰਨ ਦੇ ਸੰਕੇਤ ਮਿਲੇ ਹਨ ਅਤੇ ਇਨ੍ਹਾਂ ਸਟੋਰਾਂ ਤੋਂ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮਠਿਆਈ ਤੇ ਆਤਿਸ਼ਬਾਜ਼ੀ ਸਮੇਤ ਹੋਰ ਖ਼ਰੀਦੋ-ਫਰੋਖਤ ਕੀਤੀ ਗਈ ਸੀ। ਸਿੱਖ ਸ਼ਰਧਾਲੂਆਂ ਨੇ ਮਠਿਆਈਆਂ ਖ਼ਰੀਦਣ ਉਪਰੰਤ ਗੁਰੂ ਘਰਾਂ ਵਿੱਚ ਵੀ ਸ਼ਮੂਲੀਅਤ ਕੀਤੀ ਜਿਸ ਕਾਰਨ ਕਰੋਨਾ ਲਾਗ ਫੈਲਣ ਦੇ ਆਸਾਰ ਵਧ ਗਏ ਹਨ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸ਼ਰਧਾਲੂਆਂ ਨੂੰ ਕੋਵਿਡ-19 ਟੈਸਟ ਕਰਵਾਉਣ ਅਤੇ ਲੱਛਣ ਮਿਲਣ ’ਤੇ ਸਿਹਤ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। -ਪੱਤਰ ਪ੍ਰੇਰਕ