ਵਾਸ਼ਿੰਗਟਨ, 8 ਨਵੰਬਰ
ਅਮਰੀਕਾ ਨੇ ਕੋਵਿਡ- 19 ਕਾਰਨ ਲਗਪਗ ਡੇਢ ਸਾਲ ਤੋਂ ਵੱਡੀ ਗਿਣਤੀ ਮੁਲਕਾਂ ’ਤੇ ਹਵਾਈ ਸਫ਼ਰ ਸਬੰਧੀ ਲਾਈਆਂ ਪਾਬੰਦੀਆਂ ਅੱਜ ਹਟਾ ਦਿੱਤੀਆਂ ਹਨ। ਇਨ੍ਹਾਂ ਮੁਲਕਾਂ ਵਿੱਚ ਮੈਕਸਿਕੋ, ਕੈਨੇਡਾ ਤੇ ਜ਼ਿਆਦਾਤਰ ਯੂਰਪ ਦੇ ਦੇਸ਼ ਸ਼ਾਮਲ ਹਨ ਜਿਸ ਨਾਲ ਜਿੱਥੇ ਸੈਲਾਨੀ ਲੰਮੇ ਸਮੇਂ ਤੋਂ ਰੁਕੇ ਟ੍ਰਿਪ ਮੁੜ ਬਣਾ ਸਕਣਗੇ, ਉੱਥੇ ਕਾਫ਼ੀ ਸਮੇਂ ਤੋਂ ਇੱਕ-ਦੂਜੇ ਤੋਂ ਵਿਛੜੇ ਪਰਿਵਾਰਕ ਮੈਂਬਰ ਵੀ ਆਪਣੇ ਪਰਿਵਾਰਾਂ ਨਾਲ ਮੁੜ ਮਿਲ ਸਕਣਗੇ। ਅੱਜ ਤੋਂ ਅਮਰੀਕਾ ਦੇ ਏਅਰਪੋਰਟਸ ਅਤੇ ਜ਼ਮੀਨਦੋਜ਼ ਬਾਰਡਰਾਂ ’ਤੇ ਦੂਜੇ ਮੁਲਕਾਂ ਦੇ ਕਰੋਨਾ ਵੈਕਸੀਨ ਲਵਾ ਚੁੱਕੇ ਮੁਸਾਫ਼ਰਾਂ ਨੂੰ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ ਪਹਿਲਾਂ ਪਾਬੰਦੀਸ਼ੁਦਾ ਮੁਲਕਾਂ ਦੇ ਲੋਕਾਂ ਨੂੰ ਹੁਣ ਹਵਾਈ ਸਫ਼ਰ ਦੀ ਆਗਿਆ ਦੇ ਦਿੱਤੀ ਗਈ ਹੈ ਜਦਕਿ ਮੁਸਾਫ਼ਰਾਂ ਲਈ ਟੀਕਾਕਰਨ ਦਾ ਸਬੂਤ ਤੇ ਕੋਵਿਡ -19 ਟੈਸਟ ਦੀ ਨੈਗੇਟਿਵ ਰਿਪੋਰਟ ਕੋਲ ਰੱਖਣਾ ਲਾਜ਼ਮੀ ਹੈ। ਮੈਕਸਿਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਟੀਕਾਕਰਨ ਸਬੰਧੀ ਸਬੂਤ ਕੋਲ ਰੱਖਣ ਦੀ ਲੋੜ ਪਵੇਗੀ ਜਦਕਿ ਕਰੋਨਾ ਟੈਸਟ ਦੀ ਲੋੜ ਨਹੀਂ ਹੈ।
ਦੂਜੇ ਪਾਸੇ ਏਅਰਲਾਈਨਾਂ ਨੂੰ ਯੂਰਪੀ ਮਹਾਂਦੀਪ ਅਤੇ ਹੋਰ ਥਾਵਾਂ ਤੋਂ ਮੁਸਾਫ਼ਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ‘ਸੀਰੀਅਮ’ ਨਾਮੀਂ ਸੰਸਥਾ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ਦੇ ਅਖੀਰ ਤੱਕ ਯੂਕੇ ਅਤੇ ਯੂਐੱਸ ਵਿਚਕਾਰ ਉਡਾਣਾਂ ਦੀ ਗਿਣਤੀ 21 ਫ਼ੀਸਦੀ ਤੱਕ ਵਧਾਈ ਜਾ ਸਕਦੀ ਹੈ। -ਏਪੀ
ਕਰੋਨਾ ਟੀਕਾਕਰਨ ਕਰਵਾ ਚੁੱਕੇ ਭਾਰਤੀ ਜਾ ਸਕਣਗੇ ਅਮਰੀਕਾ
ਨਵੀਂ ਦਿੱਲੀ: ਅਮਰੀਕੀ ਸਰਕਾਰ ਵੱਲੋਂ ਕੋਵਿਡ- 19 ਕਾਰਨ ਕੌਮਾਂਤਰੀ ਮੁਸਾਫ਼ਰਾਂ ’ਤੇ ਸਫ਼ਰ ਸਬੰਧੀ ਲਾਈਆਂ ਪਾਬੰਦੀਆਂ ਖ਼ਤਮ ਕਰਨ ਮਗਰੋਂ ਅੱਜ ਆਖ਼ਰਕਾਰ ਸਵੇਰੇ ਤੜਕੇ ਸਾਂ ਫਰਾਂਸਿਸਕੋ ਜਾ ਰਹੇ ਆਦਿਤਯ ਗਰਗ ਨੇ ਦੱਸਿਆ ਕਿ ਆਖ਼ਰਕਾਰ ਉਹ ਕੰਮ ਤੇ ਘਰ ਜਾ ਸਕੇਗਾ। ਜੈਪੁਰ ਨਾਲ ਸਬੰਧਤ ਗਰਗ ਕੈਲੀਫੋਰਨੀਆ ਦੀ ਇੱਕ ਇਲੈਕਟ੍ਰਿਕ ਵਾਹਨਾਂ ਦੀ ਕੰਪਨੀ ਵਿੱਚ ਕੰਮ ਕਰਦਾ ਹੈ। ਇਸੇ ਤਰ੍ਹਾਂ ਪ੍ਰੀਤਮ ਦੇਸਵਾਲ ਵੀ ਅਮਰੀਕਾ ’ਚ ਹੀ ਇੱਕ ਪੇਸ਼ੇਵਰ ਹੈ ਜੋ ਕਰੋਨਾ ਕਾਰਨ ਸਫ਼ਰ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਅਮਰੀਕਾ ਨਹੀਂ ਜਾ ਸਕਿਆ ਸੀ। ਔਰਤਾਂ ਸਮੇਤ ਅਮਰੀਕਾ ਜਾਣ ਵਾਲੇ ਕਈ ਮੁਸਾਫ਼ਰਾਂ ਨੇ ਕਿਹਾ ਕਿ ਟੀਕਾਕਰਨ ਮਗਰੋਂ ਉਨ੍ਹਾਂ ਦਾ ਵਿਸ਼ਵਾਸ ਵਧਿਆ ਹੈ। -ਪੀਟੀਆਈ