ਵਾਸ਼ਿੰਗਟਨ, 11 ਦਸੰਬਰ
ਅਮਰੀਕਾ ਸਰਕਾਰ ਦੇ ਸਲਾਹਕਾਰੀ ਪੈਨਲ ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕਰੋਨਾਵਾਇਰਸ ਵੈਕਸੀਨ ਲਈ ਹੰਗਾਮੀ ਪ੍ਰਵਾਨਗੀ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਟੀਕੇ ਦੇ ਫ਼ਾਇਦੇ ਇਸ ਦੇ ਜੋਖ਼ਮਾਂ ਨਾਲੋਂ ਵੱਧ ਹਨ।
ਵੀਰਵਾਰ ਨੂੰ ਕਰੀਬ ਅੱਠ ਘੰਟਿਆਂ ਦੀ ਜਨਤਕ ਸੁਣਵਾਈ ਮਗਰੋਂ ਫੂੁਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਵੈਕਸੀਨਜ਼ ਐਂਡ ਰਿਲੇਟਿਡ ਬਾਇਓਲੌਜੀਕਲ ਪ੍ਰੋਡਕਟਸ ਐਡਵਾਈਜ਼ਰੀ ਕਮੇਟੀ (ਵੀਆਰਬੀਪੀਏਸੀ) ਨੇ ਫਾਇਜ਼ਰ ਅਤੇ ਇਸ ਦੇ ਜਰਮਨ ਭਾਈਵਾਲ ਬਾਇਓਐੱਨਟੈੱਕ ਦੀ ਸਿਫ਼ਾਰਿਸ਼ ਦੇ ਹੱਕ ਵਿੱਚ 17 ਵੋਟ ਦਿੱਤੇ ਜਦਕਿ ਇਸ ਦੇ ਵਿਰੋਧ ਵਿੱਚ ਚਾਰ ਵੋਟ ਭੁਗਤੇ। ਫਿਲਾਡੈਲਫੀਆ ਦੇ ਚਿਲਡਰਨਜ਼ ਹਸਪਤਾਲ ਦੇ ਵੈਕਸੀਨ ਮਾਹਿਰ ਪੌਲ ਓਫਿੱਟ, ਜੋ ਕਮੇਟੀ ਮੈਂਬਰ ਹਨ, ਨੇ ਕਿਹਾ, ‘‘ਇਸ ਦੇ ਸਪੱਸ਼ਟ ਫ਼ਾਇਦੇ ਹਨ ਅਤੇ ਸਾਡੇ ਕੋਲ ਦੂਜੇ ਪਾਸੇ ਕੇਵਲ ਸਿਧਾਂਤਕ ਜੋਖ਼ਮ ਹਨ।’’ ਉਨ੍ਹਾਂ ਕਿਹਾ ਕਿ ਵੈਕਸੀਨ ਦੇ ਫ਼ਾਇਦੇ ਇਸ ਦੇ ਜੋਖ਼ਮਾਂ ਨਾਲੋਂ ਕਿਤੇ ਵੱਧ ਹਨ। ਕਮੇਟੀ ਮੈਂਬਰ ਓਫਰ ਲੇਵੀ ਨੇ ਕਿਹਾ, ‘‘ਇਹ ਵੱਡਾ ਮੀਲ ਪੱਥਰ ਹੈ।’’
ਇਸ ਟੀਕੇ ਨੂੰ ਹੁਣ ਐੱਫਡੀਏ ਦੀ ਰਸਮੀ ਪ੍ਰਵਾਨਗੀ ਮਿਲਣੀ ਬਾਕੀ ਹੈ। ਭਾਵੇਂ ਕਿ ਇਹ ਲਾਜ਼ਮੀ ਨਹੀਂ ਹੈ ਕਿ ਸਲਾਹਕਾਰੀ ਪੈਨਲ ਦੀਆਂ ਸਿਫ਼ਾਰਿਸ਼ਾਂ ਪ੍ਰਵਾਨ ਕੀਤੀਆਂ ਜਾਣ, ਪ੍ਰੰਤੂ ਅਗਲੇ ਹਫ਼ਤੇ ਅਜਿਹਾ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਪ੍ਰਸ਼ਾਸਨ ਵਲੋਂ ਦੇਸ਼ ਭਰ ਵਿੱਚ ਅਮਰੀਕੀਆਂ ਨੂੰ ਲੱਖਾਂ ਡੋਜ਼ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵੱਧ ਜੋਖ਼ਮ ਵਾਲੀ ਵਸੋਂ ਨੂੰ ਤਰਜੀਹੀ ਆਧਾਰ ’ਤੇ ਟੀਕੇ ਲਾਏ ਜਾਣਗੇ। ਦੱਸਣਯੋਗ ਹੈ ਕਿ ਯੂਕੇ ਅਤੇ ਕੈਨੇਡਾ ਵਿੱਚ ਫਾਈਜ਼ਰ ਦੇ ਟੀਕੇ ਨੂੰ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ। -ਪੀਟੀਆਈ
ਆਸਟਰੇਲੀਆ ’ਚ ਕੋਵਿਡ-19 ਵੈਕਸੀਨ ਦਾ ਟਰਾਇਲ ਬੰਦ
ਮੈਲਬਰਨ: ਆਸਟਰੇਲੀਆ ਨੇ ਅੱਜ ਆਪਣੀ ਕੋਵਿਡ-19 ਵੈਕਸੀਨ ਦੇ ਟਰਾਇਲ ਬੰਦ ਕਰ ਦਿੱਤੇ ਕਿਉਂਕਿ ਇਸ ਦੇ ਪਹਿਲੇ ਪੜਾਅ ਵਿੱਚ ਸ਼ਾਮਲ ਕਈ ਲੋਕਾਂ ਵਿੱਚ ਟੀਕਾ ਲੱਗਣ ਤੋਂ ਬਾਅਦ ਐੱਚਆਈਵੀ ਦੀਆਂ ਐਂਟੀਬਾਡੀਜ਼ ਪੈਦਾ ਹੋ ਗਈਆਂ। ਬਿਆਨ ਅਨੁਸਾਰ ਯੂਨੀਵਰਸਿਟੀ ਆਫ ਕੁਈਨਜ਼ਲੈਂਡ (ਯੂਕਿਊ) ਵਲੋਂ ਬਾਇਓਟੈੱਕ ਕੰਪਨੀ ਸੀਐੱਸਐੱਲ ਨਾਲ ਤਿਆਰ ਕੀਤੀ ਜਾ ਰਹੀ ਵੀ451 ਨਾਂ ਦੀ ਕੋਵਿਡ-19 ਵੈਕਸੀਨ ਦੇ ਪਹਿਲੇ ਪੜਾਅ ਦੇ ਟਰਾਇਲ ਵਿੱਚ 216 ਲੋਕ ਸ਼ਾਮਲ ਹਨ। ਇਹ ਟੀਕਾ ਲੁਆਉਣ ਵਾਲੇ ਕੁਝ ਲੋਕਾਂ ਵਿੱਚ ਐੱਚਆਈਵੀ ਪ੍ਰੋਟੀਨ (ਜੀਪੀ41) ਪ੍ਰਤੀ ਐਂਟੀਬਾਡੀਜ਼ ਤਿਆਰ ਹੋ ਗਈਆਂ। ਇਸ ਮਗਰੋਂ ਆਸਟਰੇਲੀਆ ਸਰਕਾਰ ਨਾਲ ਸਲਾਹ ਮਗਰੋਂ ਯੂਕਿਊ ਅਤੇ ਸੀਐੱਸਐੱਲ ਨੇ ਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲ ਨਾ ਕਰਨ ਦਾ ਫ਼ੈਸਲਾ ਲਿਆ ਹੈ। -ਪੀਟੀਆਈ