ਸੰਯੁਕਤ ਰਾਸ਼ਟਰ, 20 ਅਪਰੈਲ
ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਭੋਜਨ ਸੁਰੱਖਿਆ ਨੂੰ ਗੰਭੀਰ ਸੱਟ ਮਾਰੀ ਹੈ ਤੇ ਕਰੋੜਾਂ ਲੋਕਾਂ ਦੀਆਂ ਪੂਰੇ ਸੰਸਾਰ ਵਿਚ ਪੋਸ਼ਣ ਲੋੜਾਂ ਪ੍ਰਭਾਵਿਤ ਹੋਈਆਂ ਹਨ। ਸੰਯੁਕਤ ਰਾਸ਼ਟਰ ਵਿਚ ‘ਆਬਾਦੀ, ਭੋਜਨ ਸੁਰੱਖਿਆ, ਪੋਸ਼ਣ ਤੇ ਟਿਕਾਊ ਵਿਕਾਸ’ ਬਾਰੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਰਧਨ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਭੋਜਨ ਸੁਰੱਖਿਆ ਤੇ ਪੋਸ਼ਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਪਿਛਲੇ ਕੁਝ ਸਾਲਾਂ ਵਿਚ ਲਾਂਚ ਕੀਤੀਆਂ ਗਈਆਂ ਸਕੀਮਾਂ ਇਸ ਦਾ ਸਬੂਤ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸੰਸਾਰ ਕੋਵਿਡ ਦੀਆਂ ਚੁਣੌਤੀਆਂ ਤੋਂ ਉੱਭਰ ਰਿਹਾ ਹੈ। ਵਰਧਨ ਨੇ ਕਿਹਾ ਕਿ 2030 ਤੱਕ ਜਿਹੜਾ ਭੁੱਖਮਰੀ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਉਹ ਵੀ ਹੁਣ ਪਿੱਛੇ ਪੈ ਗਿਆ ਹੈ। ਸੰਯੁਕਤ ਰਾਸ਼ਟਰ ਦੀ ਉਪ ਸਕੱਤਰ-ਜਨਰਲ ਅਮੀਨਾ ਮੁਹੰਮਦ ਨੇ ਕਿਹਾ ਕਿ ਮਹਾਮਾਰੀ ਨੇ ਰੁਜ਼ਗਾਰ ਖ਼ਤਮ ਕਰ ਦਿੱਤੇ ਹਨ, ਅਨਿਆਂ ਤੇ ਨਾ-ਬਰਾਬਰੀ ਵਧੀ ਹੈ। ਇਸ ਤੋਂ ਇਲਾਵਾ ਦਹਾਕਿਆਂ ਦਾ ਵਿਕਾਸ ਖ਼ਤਰੇ ਵਿਚ ਪੈ ਗਿਆ ਹੈ। ਮੁਹੰਮਦ ਨੇ ਕਿਹਾ ਕਿ ਟਕਰਾਅ, ਜਲਵਾਯੂ ਤਬਦੀਲੀ ਤੇ ਕੀਟਨਾਸ਼ਕਾਂ ਵੱਲੋਂ ਪੈਦਾ ਕੀਤੇ ਭੋਜਨ ਸੰਕਟ ਨੂੰ ਕੋਵਿਡ ਨੇ ਹੋਰ ਗਹਿਰਾ ਕੀਤਾ ਹੈ। -ਪੀਟੀਆਈ