ਕਾਬੁਲ: ਦਸਤਾਵੇਜ਼ ਜਾਰੀ ਕਰਨ ਲਈ ਇਸੇ ਹਫ਼ਤੇ ਪਾਸਪੋਰਟ ਦਫ਼ਤਰ ਮੁੜ ਖੋਲ੍ਹਣ ਦੀ ਖ਼ਬਰ ਨਸ਼ਰ ਹੋਣ ਦੇ ਇੱਕ ਦਿਨ ਬਾਅਦ ਹੀ ਅੱਜ ਕਾਬੁਲ ਵਿੱਚ ਦਫ਼ਤਰ ਅੱਗੇ ਸੈਂਕੜੇ ਅਫ਼ਗਾਨ ਲੋਕ ਇਕੱਠੇ ਹੋ ਗਏ, ਜਦਕਿ ਭੀੜ ਨੂੰ ਕੰਟਰੋਲ ਕਰਨ ਲਈ ਤਾਲਿਬਾਨ ਸੁਰੱਖਿਆ ਬਲਾਂ ਵੱਲੋਂ ਕੁਝ ਲੋਕਾਂ ਦੀ ਕੁੱਟਮਾਰ ਵੀ ਕੀਤੀ ਗਈ। ਤਾਲਿਬਾਨ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਸ਼ਨਿੱਚਰਵਾਰ ਤੋਂ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ। ਇੱਕ ਵਿਅਕਤੀ ਮਿਹਰ ਰਸੂਲੀ ਨੇ ਦੱਸਿਆ, ‘ਮੈਂ ਪਾਸਪੋਰਟ ਲੈਣ ਆਇਆ ਸੀ, ਸਿਸਟਮ ਕੰਮ ਨਹੀਂ ਕਰ ਰਿਹਾ ਤੇ ਤੁਸੀਂ ਭੀੜ ਦੇਖ ਸਕਦੇ ਹੋ।’ ਉਸ ਨੇ ਕਿਹਾ, ‘ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਉੱਥੇ ਕੋਈ ਵੀ ਅਧਿਕਾਰੀ ਨਹੀਂ ਹੈ ਜੋ ਸਾਨੂੰ ਦੱਸੇ ਕਿ ਅਸੀਂ ਕਦੋਂ ਆਈਏ। ਲੋਕ ਪ੍ਰੇਸ਼ਾਨ ਹਨ।’ -ਰਾਇਟਰਜ਼