ਨਵੀਂ ਦਿੱਲੀ/ਪੋਰਟ ਬਲੇਅਰ, 20 ਮਾਰਚ
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੰਜਯ ਮਹਾਪਾਤਰਾ ਨੇ ਅੱਜ ਦੱਸਿਆ ਕਿ ਚੱਕਰਵਾਤੀ ਤੂਫ਼ਾਨ ‘ਆਸਨੀ’ ਦੇ ਅੰਡੇਮਾਨ ਦੀਪ ਸਮੂਹ ਤੋਂ ਮਿਆਂਮਾਰ ਤੇ ਦੱਖਣੀ ਬੰਗਲਾਦੇਸ਼ ਤੱਟ ਵੱਲ ਵਧਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਚੱਕਰਵਾਤੀ ਤੂਫ਼ਾਨ ਦੇ ਅੰਡੇਮਾਨ ਦੀਪ ਸਮੂਹ ਨਾਲ ਟਕਰਾਉਣ ਦਾ ਅਨੁਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਲਕੇ ਮੌਸਮ ਪ੍ਰਣਾਲੀ ਦੇ ਪਹਿਲਾਂ ਡੂੰਘੇ ਦਬਾਅ ’ਚ ਬਣਨ ਅਤੇ ਬਾਅਦ ਵਿੱਚ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਣ ਦਾ ਅਨੁਮਾਨ ਹੈ। ਮਹਾਪਾਤਰਾ ਨੇ ਕਿਹਾ, ‘ਸਾਡੇ ਅਨੁਮਾਨ ਅਨੁਸਾਰ ਚੱਕਰਵਾਤੀ ਤੂਫ਼ਾਨ ਅੰਡੇਮਾਨ ਦੀਪ ਸਮੂਹ ਦੇ ਨਾਲ ਹੀ ਮਿਆਂਮਾਰ ਤੇ ਉਸ ਨਾਲ ਲੱਗਦੇ ਦੱਖਣੀ ਬੰਗਲਾਦੇਸ਼ ਤੱਟ ਵੱਲ ਵਧੇਗਾ।’ ਇਸ ਤੋਂ ਪਹਿਲਾਂ ਚੱਕਰਵਾਤੀ ਤੂਫ਼ਾਨ ‘ਆਸਨੀ’ ਦੇ ਅਸਰ ਕਾਰਨ ਅੱਜ ਮੀਂਹ ਤੇ ਤੇਜ਼ ਹਵਾਵਾਂ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ’ਚ ਆਮ ਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਸਾਲ ਦੇ ਪਹਿਲੇ ਚੱਕਰਵਾਤੀ ਤੂਫ਼ਾਨ ਦੇ ਤੇਜ਼ੀ ਨਾਲ ਦੀਪ ਸਮੂਹ ਵੱਲ ਵਧਣ ਦੇ ਮੱਦੇਨਜ਼ਰ ਅੰਤਰ-ਦੀਪ ਜਹਾਜ਼ ਸੇਵਾ ਤੋਂ ਇਲਾਵਾ ਚੇਨੱਈ ਤੇ ਵਿਸ਼ਾਖਾਪਟਨਮ ਸਮੇਤ ਹੋਰਨਾਂ ਖੇਤਰਾਂ ਲਈ ਜਹਾਜ਼ਾਂ ਦੀਆਂ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਐੱਨਡੀਆਰਐੱਫ ਦੇ ਸਕੱਤਰ ਪੰਕਜ ਕੁਮਾਰ ਨੇ ਕਿਹਾ, ‘ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਘਬਰਾਉਣ ਨਾ ਕਿਉਂਕਿ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਪੋਰਟ ਬਲੇਅਰ ’ਚ ਐੱਨਡੀਆਰਐੱਫ ਦੇ ਕੁੱਲ 68 ਮੁਲਾਜ਼ਮਾਂ ਜਦਕਿ ਡਿਗਲੀਪੁਰ, ਰੰਗਤ ਤੇ ਹਟਵੇਂ ਇਲਾਕਿਆਂ ’ਚ 25-25 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਕਿਹਾ, ‘ਅੱਜ 20 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਪੰਜ ਵਜੇ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਤੇ ਉਸ ਨਾਲ ਖਹਿੰਦੇ ਦੱਖਣੀ ਅੰਡੇਮਾਨ ਸਾਗਰ ਉੱਤੇ ਬਣਿਆ ਘੱਟ ਦਬਾਅ ਵਾਲਾ ਖੇਤਰ ਬਹੁਤ ਘੱਟ ਦਬਾਅ ਵਾਲੇ ਖੇਤਰ ’ਚ ਤਬਦੀਲ ਹੋ ਗਿਆ ਹੈ। -ਪੀਟੀਆਈ