ਪੇਈਚਿੰਗ, 4 ਸਤੰਬਰ
ਚੱਕਰਵਾਤੀ ਤੂਫ਼ਾਨ ਹਿਨਾਮਨੋਰ ਕਾਰਨ ਚੀਨ ਅਤੇ ਜਾਪਾਨ ਨੇ ਸਮੁੰਦਰੀ ਜਹਾਜ਼ਾਂ ਦੀਆਂ ਸੇਵਾਵਾਂ ਅਤੇ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਤੂਫ਼ਾਨ ਨੇ ਤਾਇਵਾਨ ਅਤੇ ਕੋਰੀਆ ’ਚ ਤਬਾਹੀ ਮਚਾਈ ਹੈ।
ਸ਼ੰਘਾਈ ਨੇ ਖ਼ਤਰਨਾਕ ਇਲਾਕਿਆਂ ਤੋਂ ਲੋਕਾਂ ਨੂੰ ਦੂਰ ਰੱਖਣ ਲਈ 50 ਹਜ਼ਾਰ ਤੋਂ ਜ਼ਿਆਦਾ ਪੁਲੀਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਪੂਰਬੀ ਕਾਰੋਬਾਰੀ ਕੇਂਦਰ ਵੇਨਝਾਊ ਨੇ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਹਿਨਾਮਨੋਰ ਦੇ ਪੂਰਬੀ ਚੀਨ ਸਾਗਰ ’ਚ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਜਾਪਾਨ ਦੇ ਦੱਖਣੀ ਓਕੀਨਾਵਾ ਟਾਪੂ ’ਤੇ ਸਾਰੀਆਂ ਉਡਾਣਾਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਉਥੇ ਤੂਫ਼ਾਨ ਕਾਰਨ ਹੜ੍ਹ ਆਉਣ ਦਾ ਖ਼ਤਰਾ ਵਧ ਗਿਆ ਹੈ। ਕੋਰੀਅਨ ਪ੍ਰਾਇਦੀਪ ’ਚ ਤੇਜ਼ ਹਵਾਵਾਂ ਦੇ ਨਾਲ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਹੜ੍ਹ ਵੀ ਆ ਸਕਦੇ ਹਨ। ਚੀਨ ਦੇ ਕੌਮੀ ਮੌਸਮ ਕੇਂਦਰ ਨੇ ਯੈਲੋ ਚਿਤਾਵਨੀ ਜਾਰੀ ਕਰਦਿਆਂ ਜ਼ੇਜਿਆਂਗ, ਸ਼ੰਘਾਈ ਅਤੇ ਤਾਇਵਾਨ ’ਚ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਤਾਇਵਾਨ ’ਚ ਨਿਊ ਤਾਇਪੇ, ਤਾਓਯੁਆਨ ਅਤੇ ਸਿਨਚੂ ਦੇ 600 ਤੋਂ ਜ਼ਿਆਦਾ ਵਸਨੀਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। -ਏਪੀ