ਪਰਾਗ, 25 ਜੂਨ
ਚੈੱਕ ਗਣਰਾਜ ਦੇ ਦੱਖਣ-ਪੂਰਬੀ ਹਿੱਸੇ ਵਿਚ ਖ਼ਤਰਨਾਕ ਝੱਖੜ ਝੁੱਲਣ ਕਾਰਨ ਘੱਟੋ-ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਬਚਾਅ ਸੇਵਾਵਾਂ ਅਤੇ ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਝੱਖੜ ਵੀਰਵਾਰ ਦੇਰ ਰਾਤ ਝੁੱਲਿਆ। ਇਸ ਤੇਜ਼ ਝੱਖੜ ਦੌਰਾਨ ਸੱਤ ਕਸਬੇ ਤੇ ਪਿੰਡ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇੱਥੇ ਕਈ ਇਮਾਰਤਾਂ ਪੂਰੀ ਤਰ੍ਹਾਂ ਮਲਬੇ ਵਿਚ ਤਬਦੀਲ ਹੋ ਗਈਆਂ ਅਤੇ ਕਾਰਾਂ ਪਲਟ ਗਈਆਂ। ਉੱਥੇ ਹੀ 40,000 ਘਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਕਰੀਬ 360 ਵਾਧੂ ਪੁਲੀਸ ਅਧਿਕਾਰੀਆਂ ਨੂੰ ਫ਼ੌਜ ਦੇ ਨਾਲ ਇਲਾਕਿਆਂ ਵਿਚ ਭੇਜਿਆ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਚਾਅ ਕਰਮੀ ਪ੍ਰਭਾਵਿਤ ਇਲਾਕਿਆਂ ’ਚ ਪਹੁੰਚ ਰਹੇ ਹਨ ਅਤੇ ਇੱਥੇ ਉਨ੍ਹਾਂ ਨੂੰ ਗੁਆਂਢੀ ਦੇਸ਼ ਆਸਟਰੀਆ ਤੇ ਸਲੋਵਾਕੀਆ ਦੇ ਆਪਣੇ ਹਮਰੁਤਬਿਆਂ ਤੋਂ ਵੀ ਮਦਦ ਮਿਲ ਰਹੀ ਹੈ।
ਇੱਥੇ ਡਰੋਨ ਅਤੇ ਹੈਲੀਕਾਪਟਰ ਦੀ ਮਦਦ ਨਾਲ ਮਲਬੇ ਵਿਚ ਭਾਲ ਕੀਤੀ ਜਾ ਰਹੀ ਹੈ। ਖੇਤਰੀ ਬਚਾਅ ਸੇਵਾ ਤੇ ਪੁਲੀਸ ਨੇ ਕਿਹਾ ਕਿ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਪਰ ਖੇਤਰੀ ਸਰਕਾਰ ਦੇ ਮੁਖੀ ਜੈਨ ਗਰੋਲਿਚ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਆਂਦੇਰਜ ਬਾਬਿਸ ਨੇ ਇਸ ਨੂੰ ਇਕ ਵੱਡਾ ਦੁਖਾਂਤ ਕਰਾਰ ਦਿੱਤਾ ਹੈ। ਉਹ ਇਸ ਘਟਨਾ ਵੇਲੇ ਯੂਰਪੀ ਸੰਘ ਦੇ ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰੱਸਲਸ ਵਿਚ ਸਨ। ਉਨ੍ਹਾਂ ਦੀ ਯੋਜਨਾ ਬੇਹੱਦ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰਨ ਦੀ ਹੈ। ਉਨ੍ਹਾਂ ਯੂਰਪੀ ਸੰਘ ਤੋਂ ਮਦਦ ਮੰਗੀ ਹੈ। ਉਨ੍ਹਾਂ ਕਿਹਾ, ‘‘ਮੈਂ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਜ਼ਾਹਿਰ ਕਰਦਾ ਹਾਂ। ਸਰਕਾਰ ਵਜੋਂ ਅਸੀਂ ਉਹ ਸਭ ਕੁਝ ਕਰਾਂਗੇ ਜੋ ਲੋਕਾਂ ਦੀ ਮਦਦ ਲਈ ਕਰ ਸਕਦੇ ਹਾਂ, ਕਿਉਂਕਿ ਇਹ ਸਚਮੁੱਚ ਕਿਆਮਤ ਹੈ।’’ ਉਨ੍ਹਾਂ ਕਿਹਾ ਕਿ ਝੱਖੜ ਕਾਰਨ ਕਰੀਬ 2,000 ਇਮਾਰਤਾਂ ਨੁਕਸਾਨੀਆਂ ਗਈਆਂ। ਰਸਕੀ ਦੇ ਡਿਪਟੀ ਮੇਅਰ ਮਾਰਕ ਬਾਬਿਜ਼ ਨੇ ਦੱਸਿਆ ਕਿ ਉਨ੍ਹਾਂ ਦਾ ਅੱਧਾ ਸ਼ਹਿਰ ਤਬਾਹ ਹੋ ਗਿਆ ਹੈ। -ਏਪੀ