ਇਸਲਾਮਾਬਾਦ, 7 ਅਕਤੂਬਰ
ਬਰਤਾਨੀਆ ਦੇ ਜੰਮਪਲ ਅਲ-ਕਾਇਦਾ ਆਗੂ ਅਹਿਮਦ ਉਮਰ ਸਈਦ ਸ਼ੇਖ ਤੇ ਉਸ ਦੀ ਤਿੰਨ ਸਾਥੀਆਂ ਨੂੰ ਤਿੰਨ ਮਹੀਨੇ ਹੋਰ ਪਾਕਿਸਤਾਨ ਦੀ ਜੇਲ੍ਹ ਵਿਚ ਰਹਿਣਾ ਪਵੇਗਾ। ਦੱਸਣਯੋਗ ਹੈ ਕਿ ਇਹ ਸਾਰੇ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰਨ ਦੇ ਕੇਸ ਵਿਚ ਜੇਲ੍ਹ ’ਚ ਹਨ। ਹਿਰਾਸਤ ਵਧਾਉਣ ਬਾਰੇ ਹੁਕਮ ਸਿੰਧ ਸਰਕਾਰ ਨੇ ਜਾਰੀ ਕੀਤਾ ਹੈ। ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਇਨ੍ਹਾਂ ਦੀ ਹਿਰਾਸਤ ਵਧਾਉਣ ਬਾਰੇ ਐਲਾਨ ਕੀਤਾ ਗਿਆ ਹੈ। ਅਦਾਲਤ ਨੇ ਸ਼ੇਖ਼ ਨੂੰ ਰਿਹਾਅ ਕਰਨ ਬਾਰੇ ਫ਼ੈਸਲਾ ਕਰਨਾ ਸੀ। ਸਿਖ਼ਰਲੀ ਅਦਾਲਤ ਨੇ ਪਿਛਲੇ ਹਫ਼ਤੇ ਉਸ ਨੂੰ ਰਿਹਾਅ ਕਰਨ ਤੋਂ ਸਰਕਾਰ ਨੂੰ ਰੋਕ ਦਿੱਤਾ ਸੀ। ਪਰਲ ਦੇ ਪਰਿਵਾਰ ਵੱਲੋਂ ਪੇਸ਼ ਹੋ ਰਹੇ ਵਕੀਲ ਫ਼ੈਸਲ ਸਿਦੀਕੀ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰੀ ਵਕੀਲ ਨੇ ਜੱਜਾਂ ਨੂੰ ਦੱਸਿਆ ਹੈ ਕਿ ਕੇਸ ਲਈ ਦਸਤਾਵੇਜ਼ ਇਕੱਠੇ ਕਰਨ ਲਈ ਉਸ ਨੂੰ ਹੋਰ ਸਮਾਂ ਚਾਹੀਦਾ ਹੈ। ਅਦਾਲਤ ਨੇ ਅਗਲੀ ਸੁਣਵਾਈ 21 ਅਕਤੂਬਰ ਨੂੰ ਤੈਅ ਕੀਤੀ ਹੈ। ਅਪਰੈਲ ਵਿਚ ਸਿੰਧ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ 46 ਸਾਲਾ ਸ਼ੇਖ਼ ਨੂੰ ਪਰਲ ਅਗਵਾ ਤੇ ਹੱਤਿਆ ਕੇਸ ’ਚ ਹੋਈ ਸਜ਼ਾ ਨੂੰ ਘਟਾ ਕੇ ਸੱਤ ਸਾਲ ਕਰ ਦਿੱਤਾ ਸੀ। ਉਸ ਨੂੰ ਪਹਿਲਾਂ ਮੌਤ ਦੀ ਸਜ਼ਾ ਹੋਈ ਸੀ। ਡੇਨੀਅਲ ਪਰਲ ਦੀ ਹੱਤਿਆ 2002 ਵਿਚ ਕੀਤੀ ਗਈ ਸੀ। ਅਦਾਲਤ ਨੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਉਸ ਦੇ ਤਿੰਨ ਸਾਥੀਆਂ ਨੂੰ ਵੀ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਡੇਨੀਅਲ ਪਰਲ ਅਮਰੀਕੀ ਅਖ਼ਬਾਰ ‘ਦਿ ਵਾਲ ਸਟ੍ਰੀਟ ਜਰਨਲ’ ਦਾ ਬਿਊਰੋ ਚੀਫ਼ ਸੀ।
-ਪੀਟੀਆਈ