ਸ਼ਿਕਾਗੋ/ਵਾਸ਼ਿੰਗਟਨ, 14 ਜੁਲਾਈ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ(78) ਸ਼ਨਿੱਚਰਵਾਰ ਸ਼ਾਮ ਨੂੰ ਪੈਨਸਿਲਵੇਨੀਆ ਵਿਚ ਚੋਣ ਰੈਲੀ ਦੌਰਾਨ ਇਕ ਨੌਜਵਾਨ ਸ਼ੂਟਰ ਵੱਲੋਂ ਕੀਤੇ ਕਾਤਲਾਨਾ ਹਮਲੇ ਵਿਚ ਵਾਲ ਵਾਲ ਬਚ ਗਏ। ਇਸ ਸ਼ੂਟਰ ਨੇ ਰੈਲੀ ਨੇੜੇ ਹੀ ਇਕ ਉੱਚੀ ਥਾਵੇਂ ਬਣੇ ਸ਼ੈੱਡ ’ਚੋਂ ਟਰੰਪ ’ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇਕ ਗੋਲੀ ਸਾਬਕਾ ਰਾਸ਼ਟਰਪਤੀ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਲੰਘ ਗਈ। ਸੀਕਰੇਟ ਸਰਵਿਸ ਦੇ ਮੈਂਬਰਾਂ ਨੇ ਹਾਲਾਂਕਿ 20 ਸਾਲਾ ਸ਼ੂਟਰ ਨੂੰ ਮਾਰ ਮੁਕਾਇਆ। ਐੱਫਬੀਆਈ ਨੇ ਹਮਲਾਵਰ ਦੀ ਪਛਾਣ ਬੈਥਲ ਪਾਰਕ ਦੇ ਥੌਮਸ ਮੈਥਿਊ ਕਰੂਕਸ ਵਜੋਂ ਦੱਸੀ ਹੈ। ਉਂਜ ਗੋਲੀਬਾਰੀ ਦੌਰਾਨ ਰੈਲੀ ਵਿਚ ਮੌਜੂਦ ਇਕ ਦਰਸ਼ਕ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ। ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ, ਬਰਾਕ ਓਬਾਮਾ ਤੇ ਜੌਰਜ ਬੁਸ਼ ਨੇ ਟਰੰਪ ’ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ। ਟਰੰਪ ’ਤੇ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਗਲੇ ਦਿਨਾਂ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰਨੀ ਹੈ। ਐੱਫਬੀਆਈ ਵੱਲੋਂ ਇਸ ਪੂਰੇ ਮਾਮਲੇ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਟਰੰਪ ਪੈਨਸਿਲਵੇਨੀਆ ਦੇ ਬਟਲਰ ਕਸਬੇ ਵਿਚ ਆਪਣੇ ਵੱਡੀ ਗਿਣਤੀ ਸਮਰਥਕਾਂ ਦੀ ਮੌਜੂਦਗੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਨ੍ਹਾਂ ’ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ। ਇਨ੍ਹਾਂ ਵਿਚੋਂ ਇਕ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਪਾੜ ਕੇ ਨਿਕਲ ਗਈ। ਵੀਡੀਓ ਫੁਟੇਜ ਮੁਤਾਬਕ ਜਿਵੇਂ ਹੀ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਮੰਚ ’ਤੇ ਮੌਜੂਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਟਰੰਪ ਨੂੰ ਫੌਰੀ ਘੇਰ ਪਾ ਲਿਆ ਅਤੇ ਪੋਡੀਅਮ ਦੇ ਪਿੱਛੇ ਲੈ ਗਏ। ਗੋਲੀਆਂ ਚੱਲਣ ਕਰਕੇ ਲੋਕਾਂ ਵਿਚ ਘੜਮੱਸ ਪੈ ਗਿਆ ਤੇ ਉਨ੍ਹਾਂ ਉਥੋਂ ਬਾਹਰ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ। ਸੀਕਰੇਟ ਸਰਵਿਸ ਦੇ ਏਜੰਟ ਟਰੰਪ, ਜਿਨ੍ਹਾਂ ਦੇ ਸੱਜੇ ਕੰਨ ਵਿਚੋਂ ਖੂਨ ਵਗ ਰਿਹਾ ਸੀ, ਨੂੰ ਘੇਰਾ ਪਾ ਕੇ ਉਥੋਂ ਬਾਹਰ ਲਿਜਾਣ ਲੱਗੇ ਤਾਂ ਟਰੰਪ ਨੇ ਆਪਣੀ ਮੁੱਠੀ ਹਵਾ ਵਿਚ ਲਹਿਰਾ ਕੇ ਉਥੇ ਮੌਜੂਦ ਜਮੂਦ ਨੂੰ ਕਿਹਾ ਕਿ ਉਹ ‘ਫਾਈਟ!’ ਭਾਵ ਮੁਕਾਬਲਾ ਕਰਨ। ਸਾਬਕਾ ਰਾਸ਼ਟਰਪਤੀ ਨੂੰ ਕਾਰ ਵਿਚ ਬੈਠਾ ਕੇ ਫੌਰੀ ਪਿਟਸਬਰਗ ਇਲਾਕੇ ਵਿਚਲੇ ਹਸਪਤਾਲ ਲਿਜਾਇਆ ਗਿਆ। ਉਂਜ ਟਰੰਪ ਨੂੰ ਜਦੋਂ ਮੰਚ ਤੋਂ ਸੁਰੱਖਿਅਤ ਥਾਂ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ‘ਮੈਨੂੰ ਮੇਰੀ ਜੁੱਤੀ ਤਾਂ ਪਾਉਣ ਦਿਓ।’
ਟਰੰਪ ਨੇ ਮਗਰੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਗੱਲ ਮੰਨਣ ਵਿਚ ਨਹੀਂ ਆਉਂਦੀ ਕਿ ਸਾਡੇ ਮੁਲਕ ਵਿਚ ਵੀ ਅਜਿਹਾ ਕੋਈ ਕਾਰਾ ਹੋ ਸਕਦਾ ਹੈ। ਇਸ ਵੇਲੇ ਗੋਲੀਆਂ ਚਲਾਉਣ ਵਾਲੇ ਸ਼ੂਟਰ, ਜੋ ਹੁਣ ਮਾਰਿਆ ਜਾ ਚੁੱਕਾ ਹੈ, ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰੇ ’ਤੇ ਗੋਲੀਆਂ ਚੱਲੀਆਂ, ਜਿਨ੍ਹਾਂ ਵਿਚੋਂ ਇਕ ਮੇਰੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਲੰਘ ਗਈ। ਮੈਨੂੰ ਫੌਰੀ ਲੱਗਾ ਕਿ ਕੁਝ ਤਾਂ ਗ਼ਲਤ ਹੈ ਤੇ ਮੈਨੂੰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਫੌਰੀ ਮਹਿਸੂਸ ਹੋਇਆ ਕਿ ਗੋਲੀ ਮੇਰੀ (ਕੰਨ ਦੀ) ਚਮੜੀ ਨੂੰ ਪਾੜ ਕੇ ਨਿਕਲ ਗਈ। ਜਦੋਂ ਬਹੁਤ ਸਾਰਾ ਖੂਨ ਨਿਕਲਣ ਲੱਗਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਹੈ। ਪ੍ਰਮਾਤਮਾ ਅਮਰੀਕਾ ਦਾ ਭਲਾ ਕਰੇ!’’
ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਅਜਿਹੇ ਮੌਕੇ ਹੋਈ ਹੈ ਜਦੋਂ ਸੋਮਵਾਰ ਤੋਂ ਮਿਲਵਾਕੀ ਵਿਚ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ, ਜਿੱਥੇ ਟਰੰਪ ਰਸਮੀ ਤੌਰ ’ਤੇ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਪਾਰਟੀ ਦੇ ਅਧਿਕਾਰਤ ਉਮੀਦਵਾਰ ਬਣ ਜਾਣਗੇ। ਉਧਰ ਐੱਫਬੀਆਈ ਦੇ ਸਪੈਸ਼ਲ ਏਜੰਟ ਇੰਚਾਰਜ ਕੈਵਿਨ ਰੋਜੈਕ ਨੇ ਕਿਹਾ ਕਿ ਇਹ ‘ਹੈਰਾਨੀਜਨਕ’ ਸੀ ਕਿ ਸ਼ੂਟਰ ਗੋਲੀਆਂ ਚਲਾਉਣ ਵਿਚ ਸਫ਼ਲ ਰਿਹਾ। ਰੋਜੈਕ ਨੇ ਕਿਹਾ, ‘‘ਅਸੀਂ ਇਸ ਪੂਰੇ ਮਾਮਲੇ ਦੀ ਆਪਣੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਹੱਤਿਆ ਦੀ ਕੋਸ਼ਿਸ਼ ਵਜੋਂ ਜਾਂਚ ਕਰ ਰਹੇ ਹਾਂ। ਅਸੀਂ ਸੀਕਰੇਟ ਸਰਵਿਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧ ’ਤੇ ਕੰਮ ਕਰ ਰਹੇ ਹਾਂ। ਸ਼ੂਟਰ ਸਬੰਧਤ ਸ਼ੈੱਡ ਤੱਕ ਕਿਵੇਂ ਪਹੁੰਚਿਆ…ਉਸ ਕੋਲ ਕਿਸ ਤਰ੍ਹਾਂ ਦਾ ਹਥਿਆਰ ਸੀ। ਇਸ ਜਾਂਚ ਨੂੰ ਕਈ ਦਿਨ, ਹਫ਼ਤੇ ਤੇ ਮਹੀਨੇ ਵੀ ਲੱਗ ਸਕਦੇ ਹਨ।’’ ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਸ਼ੂਟਰ ਨੇ ਰੈਲੀ ਵਾਲੀ ਥਾਂ ਤੋਂ 200 ਤੋਂ 300 ਫੁੱਟ ਦੇ ਫਾਸਲੇ ’ਤੇ ਉਚਾਈ ’ਤੇ ਬਣੇ ਇਕ ਸ਼ੈੱਡ ’ਚੋਂ ਏਆਰ-ਸਟਾਈਲ ਰਾਈਫ਼ਲ ਨਾਲ ਟਰੰਪ ’ਤੇ ਗੋਲੀਆਂ ਚਲਾਈਆਂ।
ਹਮਲੇ ਤੋਂ ਫੌਰੀ ਮਗਰੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਨਾਲ ਗੱਲਬਾਤ ਵੀ ਕੀਤੀ। ਹਾਲਾਂਕਿ ਵ੍ਹਾਈਟ ਹਾਊਸ ਨੇ ਦੋਵਾਂ ਵਿਚ ਹੋਈ ਗੱਲਬਾਤ ਬਾਰੇ ਕੋਈ ਵੇਰਵੇ ਨਸ਼ਰ ਨਹੀਂ ਕੀਤੇ। ਵ੍ਹਾਈਟ ਹਾਊਸ ਨੇ ਇੰਨਾ ਜ਼ਰੂਰ ਕਿਹਾ ਕਿ ਰਾਸ਼ਟਰਪਤੀ ਬਾਇਡਨ ਨੇ ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ੈਪੀਰੋ ਤੇ ਬਟਲਰ ਦੇ ਮੇਅਰ ਬੌਬ ਡੈਨਡੋਏ ਨਾਲ ਵੀ ਗੱਲਬਾਤ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ। ਅਮਰੀਕੀ ਸਦਰ ਨੇ ਵੀਕਐਂਡ ਲਈ ਡੈਲਾਵੇਅਰ ਜਾਣਾ ਸੀ, ਪਰ ਉਹ ਆਪਣਾ ਪ੍ਰੋਗਰਾਮ ਰੱਦ ਕਰਕੇ ਵ੍ਹਾਈਟ ਹਾਊਸ ਮੁੜ ਆਏ। ਬਾਇਡਨ ਨੇ ਟਰੰਪ ’ਤੇ ਹੋਈ ਗੋਲੀਬਾਰੀ ਤੋਂ ਦੋ ਘੰਟੇ ਮਗਰੋਂ ਦੇਸ਼ ਨੂੰ ਆਪਣੇੇ ਸੰਬੋਧਨ ਵਿਚ ਕਿਹਾ ਕਿ ‘ਅਸੀਂ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦੇ ਸਕਦੇ। ਅਮਰੀਕਾ ਵਿਚ ਅਜਿਹੀ ਹਿੰਸਾ ਬਾਰੇ ਅਸੀਂ ਕਦੇ ਨਹੀਂ ਸੁਣਿਆ।’’ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜੌਰਜ ਡਬਲਿਊ ਬੁਸ਼ ਤੇ ਬਿੱਲ ਕਲਿੰਟਨ ਨੇ ਟਰੰਪ ’ਤੇ ਹਮਲੇ ਦੀ ਨਿਖੇਧੀ ਕੀਤੀ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ‘ਸਕੂਨ’ ਹੈ ਕਿ ਟਰੰਪ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹੈਰਿਸ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਉਨ੍ਹਾਂ, ਉਨ੍ਹਾਂ ਦੇ ਪਰਿਵਾਰ ਤੇ ਇਸ ਅਸੰਵੇਦਨਸ਼ੀਲ ਗੋਲੀਬਾਰੀ ਕਰਕੇ ਜ਼ਖ਼ਮੀ ਹੋਏ ਤੇ ਜਿਨ੍ਹਾਂ ਨੂੰ ਇਸ ਹਮਲੇ ਕਰਕੇ ਸੱਟ ਵੱਜੀ, ਲਈ ਪ੍ਰਾਰਥਨਾ ਕਰਦੇ ਹਾਂ।’’ ਹੈਰਿਸ ਨੇ ਕਿਹਾ, ‘‘ਅਜਿਹੀ ਹਿੰਸਾ ਲਈ ਸਾਡੇ ਦੇਸ਼ ਵਿਚ ਕੋਈ ਥਾਂ ਨਹੀਂ ਹੈ। ਸਾਨੂੰ ਸਾਰਿਆਂ ਨੂੰ ਘਿਣਾਉਣੇ ਕਾਰੇ ਦੀ ਨਿਖੇਧੀ ਕਰਨੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਘਟਨਾ ਕਰਕੇ ਹੋਰ ਹਿੰਸਾ ਨਾ ਹੋਵੇ।’’
ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੇਰੇ ਪਿਤਾ ਤੇ ਬਟਲਰ ਵਿਚ ਅੱਜ ਦੀ ਇਸ ਅਸੰਵੇਦਨਸ਼ੀਲ ਹਿੰਸਾ ਦੇ ਹੋਰਨਾਂ ਪੀੜਤਾਂ ਲਈ ਦਿਖਾਏ ਤੁਹਾਡੇ ਪਿਆਰ ਤੇ ਪ੍ਰਾਰਥਨਾਵਾਂ ਲਈ ਤੁਹਾਡਾ ਧੰਨਵਾਦ।’’ ਇਵਾਂਕਾ ਨੇ ਕਿਹਾ, ‘‘ਮੈਂ ਸੀਕਰੇਟ ਸਰਵਿਸ ਤੇ ਹੋਰਨਾਂ ਸੁਰੱਖਿਆ ਅਧਿਕਾਰੀਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਅੱਜ ਫੌਰੀ ਤੇ ਫੈਸਲਾਕੁਨ ਕਾਰਵਾਈ ਕੀਤੀ। ਮੈਂ ਦੇਸ਼ ਲਈ ਪ੍ਰਾਰਥਨਾ ਕਰਦੀ ਰਹਾਂਗੀ। ਡੈਡ ਮੈਂ ਤੁਹਾਨੂੰ ਅੱਜ ਤੇ ਹਮੇਸ਼ਾ ਪਿਆਰ ਕਰਦੀ ਰਹਾਂਗੀ।’’ ਰਿਪਬਲਿਕਨ ਤੇ ਡੈਮੋਕਰੈਟਿਕ ਆਗੂਆਂ ਨੇ ਵੀ ਟਰੰਪ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ, ਸਲੋਵਾਕ ਪ੍ਰਧਾਨ ਮੰਤਰੀ ਰੌਬਰਟ ਫੀਕੋ, ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡਰ ਲੇਨ ਸਣੇ ਹੋਰਨਾਂ ਆਲਮੀ ਆਗੂਆਂ ਨੇ ਵੀ ਟਰੰਪ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ। ਉਧਰ ਚੀਨ ਨੇ ਪੇਈਚਿੰਗ ਵਿਚ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਚੀਨ ਨੇ ਇਸ ਘਟਨਾ ’ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਇਸ ਦੌਰਾਨ ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਹਾਲ ਦੀ ਘੜੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਟਰੰਪ ਨੂੰ ਫੋਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਅਮਰੀਕੀ ਕਾਨੂੰਨਘਾੜਿਆਂ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਪੈਸਾ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ’ਤੇ ਖਰਚਦੇ ਹਨ, ਉਹ ਅਮਰੀਕੀ ਪੁਲੀਸ ਤੇ ਹੋਰਨਾਂ ਸੇਵਾਵਾਂ ਨੂੰ ਦਿੱਤਾ ਜਾਵੇ। -ਪੀਟੀਆਈ
ਰਿਪਬਲਿਕਨ ਪਾਰਟੀ ਦਾ ਰਜਿਸਟਰਡ ਵੋਟਰ ਸੀ ਸ਼ੂਟਰ
ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲਾ ਸ਼ੂਟਰ ਥੌਮਸ ਮੈਥਿਊ ਕਰੁਕਸ ਰਿਪਬਲਿਕਨ ਪਾਰਟੀ ਦਾ ਰਜਿਸਟਰਡ ਵੋਟਰ ਸੀ, ਜਿਸ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣੀ ਸੀ। ਉਹ ਪਿਟਸਬਰਗ ਦੇ ਨੀਮ ਸ਼ਹਿਰੀ ਬੈਥਲ ਪਾਰਕ ਵਿਚ ਰਹਿੰਦਾ ਸੀ, ਜੋ ਟਰੰਪ ਦੀ ਚੋਣ ਰੈਲੀ ਵਾਲੀ ਥਾਂ ਤੋਂ ਦੱਖਣ ਵੱਲ 56 ਕਿਲੋਮੀਟਰ ਦੀ ਦੂਰੀ ’ਤੇ ਹੈ। ਸੀਐੱਨਐੱਨ ਨੇ ਆਪਣੀ ਇਕ ਰਿਪੋਰਟ ਵਿਚ ਕਈ ਕਾਨੂੰਨ ਏਜੰਸੀਆਂ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸ਼ੂਟਰ ਦੀ ਕਾਰ ਤੇ ਉਸ ਦੀ ਰਿਹਾਇਸ਼ ’ਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਉਸ ਨੇ 2022 ਵਿਚ ਬੈਥਲ ਪਾਰਕ ਹਾਈ ਸਕੂਲ ਤੋਂ ਗਰੈਜੂਏਸ਼ਨ ਕੀਤੀ ਸੀ। ਸਥਾਨਕ ਸੁਰੱਖਿਆ ਕਰਮੀਆਂ ਨੇ ਕਰੁਕਸ ਨੂੰ ਰੈਲੀ ਦੇ ਬਾਹਰ ਦੇਖਿਆ ਸੀ।
ਟਰੰਪ ਵੱਲੋਂ ਅਮਰੀਕੀਆਂ ਨੂੰ ‘ਇਕਜੁੱਟ’ ਰਹਿਣ ਦਾ ਸੱਦਾ
ਵਾਸ਼ਿੰਗਟਨ: ਚੋਣ ਰੈਲੀ ਦੌਰਾਨ ਹੱਤਿਆ ਦੀ ਕੋਸ਼ਿਸ਼ ਵਿਚ ਵਾਲ ਵਾਲ ਬਚੇ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਦੇਸ਼ਵਾਸੀਆਂ ਨੂੰ ‘ਇਕਜੁੱਟ’ ਰਹਿਣ ਲਈ ਆਖਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ‘ਅਮਰੀਕੀਆਂ ਵਜੋਂ ਆਪਣਾ ਅਸਲ ਕਿਰਦਾਰ’ ਦਿਖਾਉਣ ਅਤੇ ‘ਮਜ਼ਬੂਤ ਤੇ ਦ੍ਰਿੜ੍ਹ’ ਬਣੇ ਰਹਿਣ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਪਲੈਟਫਾਰਮ ’ਤੇ ਇਕ ਪੋਸਟ ਵਿਚ ਕਿਹਾ, ‘‘ਉਹ ਰੱਬ ਹੀ ਸੀ ਜਿਸ ਨੇ ਇਸ ਅਣਹੋਣੀ ਨੂੰ ਟਾਲ ਦਿੱਤਾ। ਇਸ ਵੇਲੇ ਇਹ ਬਹੁਤ ਅਹਿਮ ਹੈ ਕਿ ਅਸੀਂ ਇਕ ਦੂਜੇ ਨਾਲ ਮਿਲ ਕੇ ਖੜ੍ਹੀਏ ਤੇ ਅਮਰੀਕੀਆਂ ਵਜੋਂ ਆਪਣੇ ਅਸਲ ਕਿਰਦਾਰ ਨੂੰ ਦਰਸਾਈਏ, ਮਜ਼ਬੂਤ ਤੇ ਦ੍ਰਿੜ੍ਹ ਬਣੇ ਰਹੀਏ ਤੇ ਬਦੀ ਨੂੰ ਜਿੱਤਣ ਦੀ ਖੁੱਲ੍ਹ ਨਾ ਦੇਈਏ। ਅਸੀਂ ਨਹੀਂ ਡਰਾਂਗੇ।’’ ਉਧਰ ਟਰੰਪ ਕੰਪੇਨ ਦੇ ਤਰਜਮਾਨ ਨੇ ਕਿਹਾ ਕਿ ਅੱਜ ਦੀ ਘਟਨਾ ਦੇ ਬਾਵਜੂਦ ਟਰੰਪ ਦੇ ਸੋਮਵਾਰ ਨੂੰ ਮਿਲਵਾਕੀ ਵਿਚ ਹੋਣ ਵਾਲੀ ਪਾਰਟੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦੀ ਉਮੀਦ ਹੈ। -ਪੀਟੀਆਈ
ਮੋਦੀ, ਰਾਹੁਲ ਤੇ ਖੜਗੇ ਵੱਲੋਂ ਹਮਲੇ ਦੀ ਨਿਖੇਧੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੋਣ ਰੈਲੀ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹੋਏ ਹਮਲੇ ਦੀ ਨਿਖੇੇਧੀ ਕੀਤੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਮੇਰੇ ਦੋਸਤ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹੋਏ ਹਮਲੇ ਤੋਂ ਵੱਡਾ ਫਿਕਰਮੰਦ ਹਾਂ। ਇਸ ਘਟਨਾ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕਰਦਾ ਹਾਂ। ਸਿਆਸਤ ਤੇ ਜਮਹੂਰੀਅਤ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕਰਦਾ ਹਾਂ।’’ ਸ੍ਰੀ ਮੋਦੀ ਨੇ ਕਿਹਾ ਕਿ ਸਾਡੀ ਸੋਚ ਤੇ ਪ੍ਰਾਰਥਨਾਵਾਂ ਜ਼ਖ਼ਮੀ ਪੀੜਤਾਂ ਦੇ ਪਰਿਵਾਰਾਂ ਤੇ ਅਮਰੀਕੀ ਲੋਕਾਂ ਨਾਲ ਹਨ।’’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਸਾਬਕਾ ਅਮਰੀਕੀ ਸਦਰ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ’ਤੇ ਵੱਡੀ ਚਿੰਤਾ ਜਤਾਉਂਦਿਆਂ ਕਿਹਾ ਕਿ ਅਜਿਹੇ ਕਾਰਿਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇੇਧੀ ਕਰਨੀ ਬਣਦੀ ਹੈ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੀਤੀ ਕੋਸ਼ਿਸ਼ ਤੋਂ ਵੱਡਾ ਫਿਕਰਮੰਦ ਹਾਂ। ਅਜਿਹੀਆਂ ਕਾਰਵਾਈਆਂ ਦੀ ਜਿੰਨੀ ਹੋ ਸਕੇ ਜ਼ੋਰਦਾਰ ਢੰਗ ਨਾਲ ਨਿਖੇਧੀ ਕਰਨੀ ਬਣਦੀ ਹੈ।’’ ਗਾਂਧੀ ਨੇ ਟਰੰਪ ਦੇ ਛੇਤੀ ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਦੁਆ ਕੀਤੀ ਹੈ। -ਪੀਟੀਆਈ