ਜੈਨੇਵਾ, 5 ਅਕਤੂਬਰ
ਪੱਛਮੀ ਅਫਰੀਕੀ ਦੇਸ਼ ਗਾਂਬੀਆ ਵਿੱਚ ਗੁਰਦੇ ਦੀ ਬਿਮਾਰੀ ਕਾਰਨ ਦਰਜਨਾਂ ਬੱਚਿਆਂ ਦੀਆਂ ਹੋਈਆਂ ਮੌਤਾਂ ਦਾ ਮਾਮਲਾ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਈ ਗਈ ਖੰਘ ਤੇ ਜ਼ੁਕਾਮ ਦੀ ਦਵਾਈ (ਕਫ ਸਿਰਪ) ਨਾਲ ਜੁੜਿਆ ਹੋ ਸਕਦਾ ਹੈ। ਇਹ ਖੁਲਾਸਾ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਚਿਤਾਵਨੀ ਵਿੱਚ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ, ਇਨ੍ਹਾਂ ਦਵਾਈਆਂ ਵਿੱਚ ਕਥਿਤ ਜ਼ਹਿਰੀਲੇ ਅਤੇ ਸੰਭਾਵੀ ਤੌਰ ’ਤੇ ਘਾਤਕ ਰਸਾਇਣ ਪਾਏ ਗਏ ਹਨ। ਸੰਸਥਾ ਨੇ ਡਾਇਰੈਕਟਰ ਜਨਰਲ ਟੈਡਰੋਸ ਅਧਾਨਮ ਜੀ. ਦੇ ਹਵਾਲਾ ਨਾਲ ਲੜੀਵਾਰ ਟਵੀਟ ਵਿੱਚ ਇਨ੍ਹਾਂ ਚਾਰ ਦਵਾਈਆਂ ਸਬੰਧੀ ਮੈਡੀਕਲ ਚਿਤਾਵਨੀ ਜਾਰੀ ਕੀਤੀ ਹੈ। ਦੂਜੇ ਪਾਸੇ, ਭਾਰਤੀ ਫਾਰਮਾਸਿਊਟੀਕਲ ਕੰਪਨੀ ਮੈਡੇਨ ਫਾਰਮਾ ਨੇ ਇਸ ਚਿਤਾਵਨੀ ਬਾਰੇ ਖ਼ਬਰ ਏਜੰਸੀ ਰਾਇਟਰਜ਼ ਨੂੰ ਕੋਈ ਵੀ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। -ਰਾਇਟਰਜ਼